ਸੈਲਫ਼ੀ ਬਣੀ ਮੌਤ ਦਾ ਕਾਰਨ, 3 ਨੌਜਵਾਨਾਂ ਨੇ ਗੁਆਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਾਣੀਪਤ ਆਏ ਸਨ ਨੌਜਵਾਨ

Three youth crushed by train while taking selfie

ਪਾਣੀਪਤ : ਖ਼ਤਰਨਾਕ ਥਾਂ ਤੋਂ ਸੈਲਫ਼ੀ ਲੈਣ ਲਈ ਲੋਕ ਆਪਣੀ ਜਾਨ ਦੀ ਬਾਜ਼ੀ ਤਕ ਲਗਾ ਦਿੰਦੇ ਹਨ। ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਤਾਜ਼ਾ ਮਾਮਲਾ ਹਰਿਆਣਾ ਦੇ ਪਾਣੀਪਤ ਦਾ ਹੈ। ਰੇਲ ਪਟੜੀ 'ਤੇ ਸੈਲਫ਼ੀ ਲੈ ਰਹੇ ਤਿੰਨ ਨੌਜਵਾਨਾਂ ਨੂੰ ਰੇਲ ਗੱਡੀ ਨੇ ਦਰੜ ਦਿੱਤਾ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਬੁਧਵਾਰ ਸਵੇਰੇ ਹਰਿਆਣਾ ਦੇ ਪਾਣੀਪਤ 'ਚ ਇਕ ਪਾਰਕ ਨੇੜੇ ਤਿੰਨ ਨੌਜਵਾਨ ਘੁੰਮ ਰਹੇ ਸਨ। ਰੇਲ ਪਟੜੀ ਵਿਚਕਾਰ ਖੜ ਕੇ ਜਦੋਂ ਇਹ ਸੈਲਫ਼ੀ ਲੈ ਰਹੇ ਸਨ ਤਾਂ ਪਿਛਿਓਂ ਆਈ ਤੇਜ਼ ਰਫ਼ਤਾਰ ਰੇਲ ਗੱਡੀ ਨੇ ਤਿੰਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਮ੍ਰਿਤਕਾਂ ਦੀ ਪਛਾਣ ਚਮਨ, ਸਨੀ ਅਤੇ ਕਿਸ਼ਨ ਵਜੋਂ ਹੋਈ ਹੈ। ਤਿੰਨੇ ਯੂਪੀ ਦੇ ਅਲੀਗੜ੍ਹ ਦੇ ਰਹਿਣ ਵਾਲੇ ਸਨ। ਇਹ ਆਪਣੇ ਇਕ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਾਣੀਪਤ ਆਏ ਸਨ।

ਹਾਦਸੇ ਸਮੇਂ ਇਨ੍ਹਾਂ ਨਾਲ ਇਕ ਹੋਰ ਦੋਸਤ ਦਿਨੇਸ਼ ਵੀ ਮੌਜੂਦ ਸੀ, ਜਿਸ ਨੇ ਪਟੜੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਚਾਰੇ ਨੌਜਵਾਨ ਮਜ਼ਦੂਰੀ ਦਾ ਕੰਮ ਕਰਦੇ ਸਨ। ਚਸ਼ਮਦੀਦਾਂ ਮੁਤਾਬਕ ਚਾਰੇ ਨੌਜਵਾਨ ਰੇਲ ਪਟੜੀ ਨੇੜੇ ਘੁੰਮ ਰਹੇ ਸਨ ਅਤੇ ਲਗਭਗ ਅੱਧੇ ਘੰਟੇ ਤੋਂ ਇਕ-ਦੂਜੇ ਦੀਆਂ ਤਸਵੀਰਾਂ ਖਿੱਚ ਰਹੇ ਸਨ। ਚਾਰੇ ਨੌਜਵਾਨ ਸੈਲਫ਼ੀ ਕਲਿਕ ਕਰਨ ਲਈ ਪੋਜ਼ ਦੇ ਰਹੇ ਸਨ, ਜਦਕਿ ਪਿਛਿਓਂ ਰੇਲ ਗੱਡੀ ਆ ਰਹੀ ਸੀ। ਗੱਡੀ ਨੇੜੇ ਆਉਂਦੀ ਵੇਖ ਦਿਨੇਸ਼ ਨੇ ਪਟੜੀ ਦੇ ਸੱਜੇ ਪਾਸੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦਕਿ ਚਮਨ, ਸਨੀ ਅਤੇ ਕਿਸ਼ਨ ਨੇ ਖੱਬੇ ਪਾਸੇ ਦੂਜੀ ਪਟੜੀ 'ਤੇ ਛਾਲ ਮਾਰ ਦਿੱਤੀ। ਦੂਜੀ ਪਟੜੀ 'ਤੇ ਵੀ ਰੇਲ ਗੱਡੀ ਗੁਜਰ ਰਹੀ ਸੀ ਅਤੇ ਤਿੰਨੇ ਨੌਜਵਾਨ ਉਸ ਦੀ ਲਪੇਟ 'ਚ ਆ ਗਏ। 

ਹਾਦਸਾ ਬਹੁਤ ਭਿਆਨਕ ਸੀ। ਰੇਲ ਗੱਡੀ ਦੇ ਗੁਜਰਨ ਮਗਰੋਂ ਤਿੰਨਾਂ ਦੇ ਸ਼ਰੀਰ ਦੇ ਟੁਕੜੇ 30 ਫੁਟ ਦੇ ਦਾਇਰੇ ਤਕ ਫ਼ੈਲੇ ਹੋਏ ਸਨ। ਮੌਕੇ 'ਤੇ ਜੀਆਰਪੀ ਟੀਮ ਪੁੱਜੀ। ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਮਗਰੋਂ ਮਾਪਿਆਂ ਨੂੰ ਸੌਂਪ ਦਿੱਤੀਆਂ ਗਈਆਂ। ਜੀਆਰਪੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਦੋ ਮੋਬਾਈਲ ਮਿਲੇ ਹਨ।