ਐਨ.ਆਰ.ਸੀ. ਕਾਰਨ ਛਿੜ ਸਕਦੈ ਗ੍ਰਹਿ ਯੁੱਧ : ਮਮਤਾ ਬੈਨਰਜੀ
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਆਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਬਣਾਉਣ ਦੀ ਕਾਰਵਾਈ 'ਸਿਆਸੀ ਮੰਤਵ'.............
ਨਵੀਂ ਦਿੱਲੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਆਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਬਣਾਉਣ ਦੀ ਕਾਰਵਾਈ 'ਸਿਆਸੀ ਮੰਤਵ' ਨਾਲ ਕਰਵਾਈ ਗਈ ਸੀ ਜਿਸ ਦਾ ਮਕਸਦ ਲੋਕਾਂ ਨੂੰ ਵੰਡਣਾ ਸੀ। ਉਨ੍ਹਾਂ ਚੇਤਵਾਨੀ ਦਿਤੀ ਕਿ ਇਸ ਦਾ ਨਤੀਜਾ ਖ਼ੂਨ-ਖ਼ਰਾਬੇ ਅਤੇ ਦੇਸ਼ ਅੰਦਰ ਗ੍ਰਹਿ ਯੁੱਧ 'ਚ ਨਿਕਲ ਸਕਦਾ ਹੈ। ਹਾਲਾਂਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਸਾਮ 'ਚ ਐਨ.ਆਰ.ਸੀ. ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਵਿਤਕਰੇ ਰਹਿਤ, ਕਾਨੂੰਨੀ ਪ੍ਰਕਿਰਿਆ ਹੇਠ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਐਨ.ਆਰ.ਸੀ. ਬਣਾਉਣ ਦੀ ਪ੍ਰਕਿਰਿਆ 'ਚ ਕਿਸੇ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਢੁਕਵੇਂ ਮੌਕੇ ਦਿਤੇ ਜਾਣਗੇ।
ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਭਗਵੀਂ ਪਾਰਟੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਫ਼ਖਰੂਦੀਨ ਅਲੀ ਅਹਿਮਦ ਦੇ ਪ੍ਰਵਾਰਕ ਜੀਆਂ ਦੇ ਨਾਂ ਵੀ ਐਨ.ਆਰ.ਸੀ. 'ਚ ਸ਼ਾਮਲ ਨਹੀਂ ਕੀਤੇ ਗਏ। ਉਨ੍ਹਾਂ ਭਾਜਪਾ ਨੂੰ ਚੁਨੌਤੀ ਦਿਤੀ ਕਿ ਉਹ ਪਛਮੀ ਬੰਗਾਲ 'ਚ ਐਨ.ਆਰ.ਸੀ. ਲਾਗੂ ਕਰ ਕੇ ਵਿਖਾਏ ਅਤੇ ਕਿਹਾ ਕਿ ਭਾਜਪਾ ਕਦੀ ਵੀ ਸੂਬੇ ਅੰਦਰ ਸਰਕਾਰ ਨਹੀਂ ਬਣਾ ਸ਼ਕੇਗੀ। (ਪੀਟੀਆਈ)