ਉਨਾਉ ਬਲਾਤਕਾਰ ਮਾਮਲਾ : ਕੁਲਦੀਪ ਸੇਂਗਰ ਨੂੰ ਭਾਜਪਾ 'ਚੋਂ ਕੱਢਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤਾ ਅਤੇ ਵਕੀਲ ਦੀ ਹਾਲਤ ਗੰਭੀਰ, ਵੈਂਟੀਲੇਟਰ 'ਤੇ ਰੱਖਿਆ

Unnao Rape Case : BJP finally expels jailed MLA Kuldeep Sengar

ਨਵੀਂ ਦਿੱਲੀ : ਉਨਾਉ ਬਲਾਤਕਾਰ ਮਾਮਲੇ 'ਚ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਭਾਜਪਾ ਨੇ ਵੀਰਵਾਰ ਨੂੰ ਪਾਰਟੀ 'ਚੋਂ ਕੱਢ ਦਿੱਤਾ। ਕੁਲਦੀਪ ਉਨਾਵ ਜ਼ਿਲ੍ਹੇ ਤੋਂ ਬਾਂਗਰਮਊ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਫਿਲਹਾਲ ਉਹ ਬਲਾਤਕਾਰ ਮਾਮਲੇ 'ਚ ਉੱਤਰ ਪ੍ਰਦੇਸ਼ ਦੀ ਸੀਤਾਪੁਰ ਜੇਲ 'ਚ ਬੰਦ ਹਨ। ਉਧਰ ਐਤਵਾਰ ਨੂੰ ਸੜਕ ਹਾਦਸੇ 'ਚ ਜ਼ਖ਼ਮੀ ਪੀੜਤਾ ਅਤੇ ਉਸ ਦੇ ਵਕੀਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਹਾਂ ਦਾ ਇਲਾਜ ਲਖਨਊ ਦੇ ਕਿੰਗ ਜੋਰਜ ਹਸਪਤਾਲ 'ਚ ਚੱਲ ਰਿਹਾ ਹੈ। ਵੀਰਵਾਰ ਨੂੰ ਡਾਕਟਰਾਂ ਨੇ ਦਸਿਆ ਕਿ ਪੀੜਤਾ ਅਤੇ ਵਕੀਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

ਬੀਤੀ 28 ਜੁਲਾਈ ਨੂੰ ਪੀੜਤਾ ਦਾ ਪਰਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ 'ਚ ਪੀੜਤਾ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ ਸੀ, ਜਦਕਿ ਪੀੜਤਾ ਅਤੇ ਉਸ ਦਾ ਵਕੀਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਪੀੜਤਾ ਲਖਨਊ ਦੇ ਮੈਡੀਕਲ ਕਾਲਜ 'ਚ ਵੈਂਟੀਲੇਟਰ 'ਤੇ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ਨੂੰ ਘੇਰ ਰਹੀਆਂ ਸਨ ਅਤੇ ਮੁਲਜ਼ਮ ਵਿਧਾਇਕ ਨੂੰ ਪਾਰਟੀ 'ਚੋਂ ਬਾਹਰ ਕਰਨ ਦੀ ਮੰਗ ਕਰ ਰਹੀਆਂ ਸਨ। ਇਸ ਤੋਂ ਪਹਿਲਾਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕਿਹਾ ਸੀ ਕਿ ਵਿਧਾਇਕ ਕੁਲਦੀਪ ਸੇਂਗਰ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਜਦ ਤਕ ਸੀਬੀਆਈ ਦੀ ਜਾਂਚ ਚੱਲ ਰਹੀ ਹੈ, ਵਿਧਾਇਕ ਕੁਲਦੀਪ ਪਾਰਟੀ 'ਚੋਂ ਬਾਹਰ ਰਹਿਣਗੇ।

ਜ਼ਿਕਰਯੋਗ ਹੈ ਕਿ ਕੁਲਦੀਪ ਪਹਿਲੀ ਵਾਰ ਸਾਲ 2002 'ਚ ਬਸਪਾ ਦੀ ਟਿਕਟ 'ਤੇ ਉਨਾਉ ਸਦਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ 2007 'ਚ ਇਸੇ ਜ਼ਿਲ੍ਹੇ ਦੀ ਬਾਂਗਰਮਊ ਅਤੇ 2012 'ਚ ਭਗਵੰਤਨਗਰ ਸੀਟ ਤੋਂ ਸਪਾ ਦਾ ਵਿਧਾਇਕ ਰਿਹਾ। 2017 'ਚ ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਕੁਲਦੀਪ ਸੇਂਗਰ ਭਾਜਪਾ 'ਚ ਸ਼ਾਮਲ ਹੋ ਗਏ ਸਨ। ਬੀਤੇ 17 ਸਾਲਾਂ 'ਚ ਕੁਲਦੀਪ ਨੇ ਇਲਾਕੇ 'ਚ ਚੰਗਾ ਦਬਦਬਾ ਬਣਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਸਾਕਸ਼ੀ ਮਹਾਰਾਜ ਉਸ ਨੂੰ ਜੇਲ 'ਚ ਮਿਲਣ ਗਏ ਸਨ।