ਮੋਦੀ ਨੂੰ ਰਾਜੀਵ ਗਾਂਧੀ ਵਾਂਗ ਖ਼ਤਮ ਕਰਨ ਦੀ ਸਾਜ਼ਸ਼ ਸੀ : ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਪੁਲਿਸ ਨੇ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਮਾਉਵਾਦੀਆਂ ਨਾਲ ਸਬੰਧ ਹੋਣ ਬਾਰੇ ਠੋਸ ਸਬੂਤ ਹਨ............

Maharashtra Police's ADG Parambir Singh and Additional CP of Pune Shivaji Bhoke During the conversation with Media

ਮੁੰਬਈ : ਮਹਾਰਾਸ਼ਟਰ ਪੁਲਿਸ ਨੇ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਮਾਉਵਾਦੀਆਂ ਨਾਲ ਸਬੰਧ ਹੋਣ ਬਾਰੇ ਠੋਸ ਸਬੂਤ ਹਨ। ਨਾਲ ਹੀ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਵਿਚੋਂ ਇਕ ਦੁਆਰਾ ਭੇਜੇ ਗਏ ਪੱਤਰ ਵਿਚ 'ਮੋਦੀ ਰਾਜ ਖ਼ਤਮ ਕਰਨ ਲਈ ਰਾਜੀਵ ਗਾਂਧੀ ਜਿਹੀ ਘਟਨਾ' ਦੀ ਯੋਜਨਾ ਬਣਾਉਣ ਦਾ ਵੀ ਜ਼ਿਕਰ ਹੈ। ਏਡੀਜੀਪੀ ਪਰਮਵੀਰ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਨਾ ਵਿਲਸਨ ਅਤੇ ਸੀਪੀਐਮ ਮਾਉਵਾਦੀ ਦੇ ਨੇਤਾ ਵਿਚਾਲੇ ਈਮੇਲ ਪੱਤਰ ਵਿਚ ਰਾਜੀਵ ਗਾਂਧੀ ਜਿਹੀ ਘਟਨਾ ਜ਼ਰੀਏ 'ਮੋਦੀ ਰਾਜ' ਖ਼ਤਮ ਕਰਨ ਬਾਰੇ ਕਿਹਾ ਗਿਆ ਹੈ।

ਮਨੁੱਖੀ ਅਧਿਕਾਰ ਕਾਰਕੁਨ ਰੋਨਾ ਜੈਕਬ ਵਿਲਸਨ ਨੂੰ ਇਸ ਸਾਲ ਜਨਵਰੀ ਮਹਾਰਾਸ਼ਟਰ ਦੇ ਕੋਰੇਗਾਂਵ-ਭੀਮਾ ਵਿਚ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿਚ ਜੂਨ ਵਿਚ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੱਤਰ ਵਿਚ ਗ੍ਰਨੇਡ ਲਾਂਚਰ ਖ਼ਰੀਦਣ ਲਈ ਅੱਠ ਕਰੋੜ ਰੁਪਏ ਦੀ ਲੋੜ ਪੈਣ ਦਾ ਵੀ ਜ਼ਿਕਰ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਮਾਉਵਾਦੀਆਂ ਦੇ ਭੂਮੀਗਤ ਕਾਰਕੁਨਾਂ ਅਤੇ ਹੋਰ ਕਾਰਕੁਨਾਂ ਦੁਆਰਾ ਇਕ ਦੂਜੇ ਨੂੰ ਭੇਜੇ ਗਏ ਪੱਤਰ ਜ਼ਬਤ ਕੀਤੇ ਹਨ।

ਪਰਮਵੀਰ ਸਿੰਘ ਨੇ ਦਸਿਆ, 'ਰੋਨਾ ਦੁਆਰਾ ਮਾਉਵਾਦੀ ਨੇਤਾ ਕਾਮਰੇਡ ਪ੍ਰਕਾਸ਼ ਨੂੰ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸਾਨੂੰ ਇਥੋਂ ਦੀ ਮੌਜੂਦਾ ਹਾਲਤ ਦੇ ਸਬੰਧ ਵਿਚ ਤੁਹਾਡੀ ਆਖ਼ਰੀ ਚਿੱਠੀ ਮਿਲ ਗਈ ਹੈ।' ਉਨ੍ਹਾਂ ਕਿਹਾ ਕਿ ਚਿੱਠੀ ਵਿਚ ਚਾਰ ਲੱਖ ਰਾਊਂਡ ਵਾਲੇ ਗ੍ਰੇਨੇਡ ਲਾਂਚਰ ਦੀ ਸਾਲਾਨਾ ਸਪਲਾਈ ਵਾਸਤੇ ਅੱਠ ਕਰੋੜ ਰੁਪਏ ਦੀ ਲੋੜ ਪੈਣ ਬਾਰੇ ਵੀ ਲਿਖਿਆ ਗਿਆ ਹੈ।

ਚਿੱਠੀ ਵਿਚ ਪ੍ਰਕਾਸ਼ ਨੂੰ ਅਪਣਾ ਫ਼ੈਸਲਾ ਦੱਸਣ ਲਈ ਵੀ ਕਿਹਾ ਗਿਆ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਕਾਮਰੇਡ ਕਿਸਨ ਅਤੇ ਕੁੱਝ ਹੋਰ ਕਾਮਰੇਡਾਂ ਨੇ ਮੋਦੀ ਰਾਜ ਖ਼ਤਮ ਕਰਨ ਲਈ ਠੋਸ ਕਦਮਾਂ ਦਾ ਪ੍ਰਸਤਾਵ ਦਿਤਾ ਹੈ ਤੇ ਰਾਜੀਵ ਗਾਂਧੀ ਹਤਿਆ ਕਾਂਡ ਜਿਹੀ ਇਕ ਹੋਰ ਘਟਨਾ ਬਾਰੇ ਸੋਚਿਆ ਜਾ ਰਿਹਾ ਹੈ।  (ਏਜੰਸੀ)

Related Stories