ਮੋਦੀ-ਸ਼ਾਹ ਵਿਰੁੱਧ ਸ਼ਿਕਾਇਤਾਂ 'ਤੇ 6 ਮਈ ਤੋਂ ਪਹਿਲਾਂ ਫ਼ੈਸਲਾ ਕਰੇ ਚੋਣ ਕਮਿਸ਼ਨ : SC

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ - ਮੋਦੀ ਅਤੇ ਸ਼ਾਹ ਵਿਰੁੱਧ ਕਾਂਗਰਸ ਦੀਆਂ 11 ਸ਼ਿਕਾਇਤਾਂ 'ਚੋਂ 2 'ਤੇ ਫ਼ੈਸਲਾ ਲਿਆ

Decide on complaints of poll violations against Modi, Shah before 6 May: SC to EC

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਕਾਂਗਰਸ ਦੀਆਂ ਸ਼ਿਕਾਇਤਾਂ 'ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ 6 ਮਈ ਤਕ ਫ਼ੈਸਲਾ ਲੈਣ ਦਾ ਆਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਮੋਦੀ ਅਤੇ ਅਮਿਤ ਸ਼ਾਹ ਵਿਰੁੱਧ 9 ਸ਼ਿਕਾਇਤਾਂ 'ਤੇ ਫ਼ੈਸਲਾ ਲਏ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਮੋਦੀ ਅਤੇ ਸ਼ਾਹ ਵਿਰੁੱਧ ਕਾਂਗਰਸ ਦੀਆਂ ਕੁਲ 11 ਸ਼ਿਕਾਇਤਾਂ 'ਚੋਂ 2 'ਤੇ ਫ਼ੈਸਲਾ ਲਿਆ ਜਾ ਚੁੱਕਾ ਹੈ।

ਅੱਜ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਕਾਂਗਰਸ ਆਗੂ ਸੁਸ਼ਮਿਤਾ ਦੇਵ ਵੱਲੋਂ ਪੇਸ਼ ਵਕੀਲ ਮਨੂ ਸਿੰਘਵੀ ਨੇ ਕਿਹਾ ਕਿ 31 ਦਿਨਾਂ 'ਚ 2 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਇਸ ਰਫ਼ਤਾਰ ਨਾਲ 250 ਦਿਨਾਂ ਤੋਂ ਵੱਧ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ 40 ਸ਼ਿਕਾਇਤਾਂ ਕੀਤੀਆਂ ਸਨ। 20 ਸ਼ਿਕਾਇਤਾਂ 'ਤੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ, ਜੋ ਦੂਜੇ ਲੋਕਾਂ ਵਿਰੁੱਧ ਸਨ ਪਰ ਮੋਦੀ ਅਤੇ ਅਮਿਤ ਸ਼ਾਹ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।

ਮੋਦੀ ਦੇ ਵਰਧਾ ਅਤੇ ਲਾਤੂਰ 'ਚ ਦਿੱਤੇ ਗਏ ਬਿਆਨਾਂ ਨੂੰ ਚੋਣ ਕਮਿਸ਼ਨ ਨੇ ਕਲੀਨ ਚਿੱਟ ਦੇ ਦਿੱਤੀ ਹੈ। ਇਨ੍ਹਾਂ ਨੂੰ ਚੋਣ ਜ਼ਾਬਤੇ ਦਾ ਉਲੰਘਣ ਨਹੀਂ ਮੰਨਿਆ ਗਿਆ ਹੈ। ਮੋਦੀ ਨੇ ਵਰਧਾ 'ਚ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਵਾਏਨਾਡ ਸੀਟ ਤੋਂ ਚੋਣ ਲੜਨ ਦੀ ਨਿਖੇਧੀ ਕੀਤੀ ਸੀ। ਨਾਲ ਹੀ ਸੰਕੇਤ ਦਿੱਤਾ ਸੀ ਕਿ ਕੇਰਲ ਦੇ ਇਸ ਸੰਸਦੀ ਖੇਤਰ 'ਚ ਘੱਟਗਿਣਤੀ ਭਾਈਚਾਰੇ ਦੇ ਵੋਟਰਾਂ ਦੀ ਗਿਣਤੀ ਵੱਧ ਹੈ। ਲਾਤੂਰ 'ਚ ਮੋਦੀ ਨੇ ਪਹਿਲੀ ਵਾਰ ਵੋਟ ਦੇਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਆਪਣਾ ਪਹਿਲਾ ਵੋਟ ਏਅਰ ਸਟ੍ਰਾਈਕ ਨੂੰ ਅੰਜਾਮ ਦੇਣ ਵਾਲੇ ਜਵਾਨਾਂ ਅਤੇ ਪੁਲਵਾਮਾ ਦੇ ਸ਼ਹੀਦਾਂ ਦੇ ਨਾਂ ਸਮਰਪਿਤ ਕੀਤਾ ਜਾਵੇ।