UP: ਗੋਂਡਾ ਵਿਚ ਵੱਡਾ ਹਾਦਸਾ, ਸਿਲੰਡਰ ਫਟਣ ਕਾਰਨ ਦੋ ਮਕਾਨ ਢਹਿ ਢੇਰੀ, 3 ਬੱਚਿਆਂ ਸਮੇਤ 7 ਮੌਤਾਂ
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਵਿਖੇ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ।
ਗੋਂਡਾ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਵਿਖੇ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ। ਦਰਅਸਲ ਵਜ਼ੀਰਗੰਜ ਖੇਤਰ ਦੇ ਟਿਕਰੀ ਪਿੰਡ ਵਿਚ ਸਿਲੰਡਰ ਫਟਣ ਕਾਰਨ ਦੋ ਮਕਾਨ ਜ਼ਮੀਨਦੋਜ਼ ਹੋ ਗਏ। ਇਸ ਦੌਰਾਨ 14 ਲੋਕ ਮਲਬੇ ਵਿਚ ਦਬ ਗਏ, ਜਿਨ੍ਹਾਂ ਨੂੰ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ। ਜਦੋਂ ਤੱਕ ਇਹਨਾਂ ਨੂੰ ਬਾਹਰ ਕੱਢਿਆ ਉਦੋਂ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕਾਂ ਵਿਚ ਦੋ ਮਰਦ, ਦੋ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ 7 ਹੋਰ ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਲਖਨਊ ਦੇ ਟਰੌਮਾ ਸੈਂਟਰ ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ।
ਗੋਂਡਾ ਦੇ ਐਸਪੀ ਸੰਤੋਸ਼ ਮਿਸ਼ਰਾ ਅਤੇ ਆਈਜੀ ਰਾਕੇਸ਼ ਸਿੰਘ ਨੇ ਕਿਹਾ ਕਿ ਰਾਹਤ ਕਾਰਜ ਜਾਰੀ ਹਨ। ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਦੁੱਖ ਜ਼ਾਹਿਰ ਕੀਤਾ ਗਿਆ। ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਪੂਰਾ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ।