ਕੈਪਟਨ ਵਲੋਂ ਕੇਂਦਰ ਨੂੰ ਚੀਨ ਦੇ ਟਾਕਰੇ ਲਈ ਸਰਹੱਦੀ ਪੱਟੀ ਨੂੰ ਵਿਕਸਤ ਕਰਨ ਦੀ ਅਪੀਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਕ ਚੁਣੌਤੀ ਦੇ ਟਾਕਰੇ ਲਈ ਸਰਹੱਦੀ ਪੱਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ.............
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਕ ਚੁਣੌਤੀ ਦੇ ਟਾਕਰੇ ਲਈ ਸਰਹੱਦੀ ਪੱਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਸਰਹੱਦੀ ਸੂਬਿਆਂ ਪੰਜਾਬ ਤੇ ਰਾਜਸਥਾਨ ਲਈ ਵਿਸ਼ੇਸ਼ ਪੈਕੇਜ ਦਿਤੇ ਜਾਣ ਦੀ ਮੰਗ ਵੀ ਦੁਹਰਾਈ ਹੈ। ਸੀ.ਆਈ.ਆਈ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਵਲੋਂ ਆਯੋਜਤ ਉੱਘੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਾਲ ਸਰਹੱਦੀ
ਇਲਾਕੇ ਵਿਚ ਖਾਸਕਰ ਪਠਾਨਕੋਟ ਤੋਂ ਲੈ ਕੇ ਪਾਕਿਸਤਾਨ ਦੀ ਸਰਹੱਦ ਦੇ ਨਾਲ-ਨਾਲ ਸਨਅਤੀ ਗਲਿਆਰਾ ਸਥਾਪਤ ਕਰਨ ਦਾ ਮੁੱਦਾ ਉਠਾਇਆ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਹਾਂ-ਪੱਖੀ ਹੁੰਗਾਰੇ ਦੀ ਉਮੀਦ ਹੈ। ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੰਜਾਬ ਵਿਚ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ ਅਤੇ ਉਨ੍ਹਾਂ ਦੀ ਸਰਕਾਰ ਸਨਅਤਕਾਰਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸੂਬੇ ਵਿਚ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪਹਿਲਾਂ ਹੀ ਆ ਚੁੱਕਾ ਹੈ ਅਤੇ ਉਨ੍ਹਾਂ ਦੀ ਸਰਕਾਰ ਦਾ ਇਸ ਰਾਸ਼ੀ ਨੂੰ ਸਾਲਾਨਾ ਤਿੰਨ ਗੁਣਾ ਬਣਾਉਣ ਦਾ ਟੀਚਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਏਗੀ ਅਤੇ ਨੀਤੀਆਂ ਤਿਆਰ ਕਰਦੇ ਸਮੇਂ ਉਨ੍ਹਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੰਮ ਦਾ ਸੱਭਿਆਚਾਰ ਉਦਯੋਗ ਨੂੰ ਹੁਲਾਰਾ ਦੇਣ ਵਾਸਤੇ ਬਹੁਤ ਹੀ ਜ਼ਿਆਦਾ ਢੁਕਵਾਂ ਹੈ ਅਤੇ ਸੂਬੇ ਵਿਚ ਰੁਜ਼ਗਾਰ ਅਤੇ ਮਾਲੀਆ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਪੰਜਾਬ ਨੂੰ ਦੇਸ਼ ਵਿਚ ਨਿਵੇਸ਼ ਵਾਲਾ ਸੱਭ ਤੋਂ ਪਸੰਦੀਦਾ ਸੂਬਾ ਬਣਾਉਣ ਲਈ ਅਪਣੀ ਵਚਨਬੱਧਤਾ ਦੁਹਰਾਈ। ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਵਧੀਆ ਪ੍ਰਬੰਧਨ ਲਈ ਨੀਤੀ ਪਹਿਲਕਦਮੀਆਂ ਦੀ ਜ਼ਰੂਰਤ 'ਤੇ ਜ਼ੋਰ ਦਿਤਾ।
ਉਨ੍ਹਾਂ ਸੂਬੇ ਵਿਚ ਪਾਣੀ ਦੀ ਗੰਭੀਰ ਸਥਿਤੀ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਸਮਸਿਆਵਾਂ ਵਿਚੋਂ ਨਿਕਲਣ ਅਤੇ ਖੇਤੀ ਆਮਦਨ ਵਿਚ ਸੁਧਾਰ ਲਿਆਉਣ 'ਤੇ ਵੀ ਜ਼ੋਰ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਹਾਲ ਹੀ ਵਿਚ ਸਨਅਤੀ ਨੀਤੀ ਲਾਗੂ ਕਰਨ ਵਾਸਤੇ ਅਮਲੀ ਦਿਸ਼ਾ-ਨਿਰਦੇਸ਼ਾਂ ਨੂੰ ਹਾਲ ਹੀ ਵਿਚ ਪ੍ਰਵਾਨਗੀ ਦਿਤੀ ਹੈ ਜਿਨ੍ਹਾਂ ਵਿਚ ਨਵਿਆਉਣਯੋਗ ਅਤੇ ਸੌਰ ਊਰਜਾ 'ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।