ਕੈਪਟਨ ਸਰਕਾਰ ਵਲੋਂ ਪੀੜਤਾਂ ਨੂੰ ਇਕ ਇਕ ਕਰੋੜ ਦਾ ਮੁਆਵਜ਼ਾ ਦੇਣ ਨਾਲ ਸਿੱਖਾਂ ਨੂੰ ਮਿਲੇਗੀ ਰਾਹਤ: ਸਰਨਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ.............
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬਰਗਾੜੀ ਕਾਂਡ ਬਾਰੇ ਪੜਤਾਲ ਦੀ ਪਹਿਲੀ ਜਿਲਦ ਜਾਰੀ ਕਰਨ ਨੂੰ ਉਸਾਰੂ ਕਦਮ ਦਸਦਿਆਂ ਮੰਗ ਕੀਤੀ ਹੈ ਕਿ ਇਸ ਪੜਤਾਲ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਦੇ ਅਖੌਤੀ ਇਸ਼ਾਰੇ 'ਤੇ ਇਸ ਕਾਂਡ ਨੂੰ ਅੰਜਾਮ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦੇ ਪੀੜ੍ਹਤਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦੇਣ ਦਾ ਕੀਤਾ ਗਿਆ ਐਲਾਨ ਪੀੜ੍ਹਤਾਂ ਨੂੰ ਰਾਹਤ ਦੇਵੇਗਾ।
ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸ਼ਹੀਦ ਹੋਏ ਦੋ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਦੇ ਪਰਵਾਰਾਂ ਨੂੰ 75-75 ਲੱਖ ਤੇ ਹੋਰ ਪੀੜ੍ਹਤਾਂ ਨੂੰ 35-35 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਸਿਫ਼ਾਰਸ਼ ਕੀਤੀ ਹੈ ਪਰ ਕੈਪਟਨ ਨੇ ਦੋ ਕਦਮ ਅੱਗੇ ਵੱਧ ਕੇ, ਪੀੜ੍ਹਤਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਸ਼ਹੀਦ ਦੋ ਸਿੱਖਾਂ ਦੇ ਪਰਵਾਰਾਂ ਨੂੰ ਇਕ ਇਕ ਕਰੋੜ ਰੁਪਏ ਤੇ ਫੱਟੜਾਂ ਨੂੰ 50-50 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਕੇ,
ਇਹ ਸਾਬਤ ਕਰ ਦਿਤਾ ਹੈ ਕਿ ਮੁਖ ਮੰਤਰੀ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਡੂੰਘਾਈ ਤੱਕ ਸਮਝਦੇ ਹਨ। ਇਸਦੇ ਉਲਟ ਸਾਬਕਾ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੇ ਅਖੌਤੀ ਦਮਗਜ਼ੇ ਮਾਰਦੇ ਰਹੇ, ਪਰ ਆਪਣੀ ਸਰਕਾਰ ਵੇਲੇ ਸਾਰੀਆਂ ਨੀਤੀਆਂ ਉਨ੍ਹਾਂ ਔਰੰਗਜ਼ੇਬ ਵਾਲੀਆਂ ਅਪਣਾਈਆਂ। ਜਿਸ ਕਰ ਕੇ ਸਿੱਖਾਂ ਨੂੰ ਵੀ ਦੁਖ ਦਰਦ ਸਹਿਣਾ ਪਿਆ।