ਦਿੱਲੀ ਚੋਣਾਂ : AAP ਦਾ ਨਵਾਂ ਨਾਮ ਮੁਸਲਿਮ ਲੀਗ ਹੋਣਾ ਚਾਹੀਦਾ ਹੈ- ਕਪਿਲ ਮਿਸ਼ਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਸ ਦਈਏ ਕਿ 8 ਫਰਵਰੀ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ ਜਦਕਿ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਲਈ ਚੋਣ ਪ੍ਰਚਾਰ ਤੇਜ ਹੋ ਗਿਆ ਹੈ

File Photo

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਆਮ ਆਦਮੀ ਪਾਰਟੀ 'ਤੇ ਇਕ ਵਾਰ ਫਿਰ ਹਮਲਾ ਕੀਤਾ ਹੈ। ਉਨ੍ਹਾਂ ਨੇ 'ਆਪ' ਨੂੰ ਅੱਤਵਾਦੀਆਂ ਦੀ ਕਰੀਬੀ ਦੱਸਦੇ ਹੋਏ ਪਾਰਟੀ ਦਾ ਨਵਾਂ ਨਾਮ ਮੁਸਲਿਮ ਲੀਗ ਰੱਖਣ ਦੀ ਗੱਲ ਕਹੀ ਹੈ। ਦੱਸ ਦਈਏ ਕਿ 8 ਫਰਵਰੀ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ ਜਦਕਿ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਲਈ ਚੋਣ ਪ੍ਰਚਾਰ ਤੇਜ ਹੋ ਗਿਆ ਹੈ।

ਭਾਜਪਾ ਦਾ ਉਮੀਦਵਾਰ ਕਪਿਲ ਮਿਸ਼ਰਾ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ''ਆਮ ਆਦਮੀ ਪਾਰਟੀ ਦਾ ਨਾਮ ਮੁਸਲਿਮ ਲੀਗ ਹੋਣਾ ਚਾਹੀਦਾ ਹੈ। ਉਮਰ ਖਾਲਿਦ, ਅਫਜਲ ਗੁਰੂ, ਬੁਹਰਾਨ ਵਾਨੀ ਅੱਤਵਾਦੀਆਂ ਨੂੰ ਆਪਣਾ ਬਾਪ ਮੰਨਣ ਵਾਲਿਆਂ ਨੂੰ ਯੋਗੀ ਅਦਿਤਿਆਨਾਥ ਤੋਂ ਡਰ ਲੱਗ ਰਿਹਾ ਹੈ''। ਕਪਿਲ ਮਿਸ਼ਰਾ ਦਾ ਟਵੀਟ ਉਸ ਵੇਲੇ ਆਇਆ ਹੈ ਜਦੋਂ ਬੀਤੇ ਐਤਵਾਰ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਹੋਏ ਯੋਗੀ ਅਦਿਤਆਨਾਥ ਦੇ ਦਿੱਲੀ ਵਿਚ ਪ੍ਰਚਾਰ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਦਰਅਸਲ ਆਪ ਦੇ ਰਾਜ ਸਭਾ ਮੈਬਰ ਸੰਜੇ ਸਿੰਘ ਨੇ ਯੋਗੀ ਅਦਿਤਿਆਨਾਥ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਅਤੇ ਮੰਗ ਕੀਤੀ ਸੀ ਕਿ ਯੋਗੀ ਅਦਿਤਿਆਨਾਥ ਦੇ ਦਿੱਲੀ ਚੋਣ ਪ੍ਰਚਾਰ ਉੱਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਸੀ ਕਿ ਬੀਤੇ ਕੁੱਝ ਦਿਨਾਂ ਤੋਂ ਭਾਜਪਾ ਦਿੱਲੀ ਦਾ ਮਾਹੌਲ ਖਰਾਬ ਕਰਨ ਵਿਚ ਲੱਗੀ ਹੋਈ ਹੈ। ਪਹਿਲਾਂ ਉਨ੍ਹਾਂ ਦੇ ਦੋ ਕੇਂਦਰੀ ਮੰਤਰੀ ਭੜਕਾਊ ਭਾਸ਼ਣ ਦਿੰਦੇ ਹਨ ਅਤੇ ਹੁਣ ਯੂਪੀ ਦੇ ਮੁੱਖਮੰਤਰੀ ਕੇਜਰੀਵਾਲ 'ਤੇ ਆਰੋਪ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਾਕਿਸਤਾਨ ਨਾਲ ਸਬੰਧ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਪਿਲ ਮਿਸ਼ਰਾ ਨੇ ਦਿੱਲੀ ਚੋਣਾਂ ਵਿਚ ਪਾਕਿਸਤਾਨ ਦੀ ਐਟਰੀ ਕਰਵਾਉਂਦੇ ਹੋਏ ਇਕ ਵਿਵਾਦਤ ਟਵੀਟ ਕੀਤਾ ਸੀ ਉਨ੍ਹਾਂ ਨੇ ਕਿਹਾ ਸੀ ਕਿ ''8 ਫਰਵਰੀ ਨੂੰ ਦਿੱਲੀ ਵਿਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਵੇਗਾ ਜਿਸ ਤੋਂ ਬਾਅਦ ਚੋਂਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਕਾਰਵਾਈ ਕਰਦੇ ਹੋਏ ਅਗਲੇ 48 ਘੰਟੇ ਦੇ ਚੋਣ ਪ੍ਰਚਾਰ ਉੱਤੇ ਰੋਕ ਲਗਾ ਦਿੱਤੀ ਸੀ''।

ਇੰਨਾ ਹੀ ਨਹੀ ਦਿੱਲੀ ਚੋਣਾਂ ਦੇ ਪ੍ਰਚਾਰ ਵਿਚ ਮੋਦੀ ਸਰਕਾਰ ਦੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਟੇਜ ਤੋਂ ਵਿਵਾਦਤ ਨਾਅਰੇ ਵੀ ਲਗਵਾਏ ਸਨ। ਉਨ੍ਹਾਂ ਨੇ ਸ਼ਾਹੀਨ ਬਾਗ ਵਿਚ ਸੀਏਏ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਨਾਲ ਵਿਰੋਧੀ ਪਾਰਟੀਆਂ ਨੂੰ ਜੋੜਦੇ ਹੋਏ ਰੈਲੀ ਵਿਚ ਆਈ ਭੀੜ ਨੂੰ ਨਾਅਰਾ ਲਗਾਉਣ ਲਈ ਕਿਹਾ ਸੀ। ਠਾਕੁਰ ਨੇ ਕਿਹਾ ''ਦੇਸ਼ ਕੇ ਗਦਾਰੋ ਕੋ...ਜਿਸ 'ਤੇ ਭੀੜ ਨੇ ਕਿਹਾ ਗੋਲੀ ਮਾਰੋ ਸਾ...ਕੋ''। ਇਸ ਵਿਵਾਦਤ ਨਾਅਰੇ ਤੋਂ ਬਾਅਦ ਕਾਫੀ ਹੱਲਾ ਮਚਿਆ ਸੀ ਅਤੇ ਚੋਣ ਕਮਿਸ਼ਨ ਨੇ ਕਾਰਵਾਈ ਕਰਦੇ ਹੋਏ ਅਨੁਰਾਗ ਠਾਕੁਰ ਉੱਤੇ 72 ਘੰਟੇ ਚੋਣ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਸੀ।