ਸ਼ਾਹੀਨ ਬਾਗ ਵਿਚ CAA ਅਤੇ NRC ਵਿਰੁੱਧ ਚੱਲ ਰਹੇ ਪ੍ਰਦਰਸ਼ਨ ਨੂੰ ਅੱਜ ਪੂਰੇ ਹੋਏ 50 ਦਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਹੀਂ ਘਟਿਆ ਪ੍ਰਦਰਸ਼ਨਕਾਰੀਆਂ ਦਾ ਹੌਸਲਾ, ਹਰ ਵਰਗ ਦਾ ਮਿਲ ਰਿਹਾ ਹੈ ਸਾਥ

File Photo

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਚੱਲ ਰਹੇ ਪ੍ਰਦਰਸ਼ਨ ਨੂੰ ਅੱਜ ਸੋਮਵਾਰ ਨੂੰ 50 ਦਿਨ ਹੋ ਗਏ ਹਨ। ਪਿਛਲੇ ਸਾਲ 15 ਦਸੰਬਰ ਨੂੰ ਮੁਸਲਿਮ ਔਰਤਾ ਦੁਆਰਾ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਨਿਰੰਤਰ ਜਾਰੀ ਹੈ। ਤੇਜ ਬਾਰਿਸ਼ ਅਤੇ ਕੜਾਕੇ ਦੀ ਠੰਡ ਵੀ ਪ੍ਰਦਰਸ਼ਨਕਾਰੀਆਂ ਦੇ ਹੌਸਲੇ ਪਸਤ ਨਹੀਂ ਕਰ ਸਕੀ ਹੈ। ਸ਼ਾਹੀਨ ਬਾਗ ਵਿਚ ਫਾਇਰਿੰਗ ਦੀ ਘਟਨਾ ਵੀ ਵਾਪਰ ਚੁੱਕੀ ਹੈ ਜਿਸ ਨੂੰ ਲੈ ਕੇ ਉੱਥੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।

ਸ਼ਾਹੀਨ ਬਾਗ ਵਿਚ ਔਰਤਾ ਲਗਾਤਾਰ ਸੀਏਏ ਨੂੰ ਵਾਪਸ ਲੈਣ ਅਤੇ ਐਨਆਰਸੀ ਨੂੰ ਨਾਂ ਲਿਆਉਣ ਦੀ ਮੰਗ ਕਰ ਰਹੀਆ ਹਨ। ਸਵੇਰੇ ਸੂਰਜ ਚੜਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਇਹ ਪ੍ਰਦਰਸ਼ਨ ਇਵੇਂ ਚੱਲਦਾ ਰਹਿੰਦਾ ਹੈ ਇੰਨਾ ਹੀ ਨਹੀਂ ਰਾਤ ਨੂੰ ਤਾਂ ਇਸ ਪ੍ਰਦਰਸ਼ਨ ਵਿਚ ਲੋਕਾਂ ਦੀ ਭੀੜ ਹੋਰ ਵੱਧ ਜਾਂਦੀ ਹੈ। ਲਗਾਤਾਰ ਪੈ ਰਹੀ ਹੱਡ ਚੀਰਵੀ ਠੰਡ ਅਤੇ ਵਿਚ ਵਿਚਾਲੇ ਹੁੰਦੀ ਬਾਰਿਸ਼ ਦਾ ਵੀ ਪ੍ਰਦਰਸ਼ਨਕਾਰੀਆਂ ਉੱਤੇ ਕੋਈ ਅਸਰ ਨਹੀਂ ਪਿਆ ਹੈ।ਸ਼ਾਹੀਨ ਬਾਗ ਵਿਚ ਮੁਸਲਿਮ ਔਰਤਾ ਦੁਆਰਾ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਨੂੰ ਦੂਜੇ ਧਰਮਾਂ ਦੇ ਲੋਕਾਂ ਦੀ ਵੀ ਭਰਪੂਰ ਸਮੱਰਥਨ ਮਿਲ ਰਿਹਾ ਹੈ। ਹਿੰਦੂ, ਸਿੱਖ ਅਤੇ ਈਸਾਈ ਧਰਮ ਦੇ ਲੋਕ ਵਿਚ ਰੋਸ ਮੁਜਹਾਰੇ ਵਿਚ ਆਪਣਾ ਸਾਥ ਦੇ ਰਹੇ ਹਨ।

ਸ਼ਾਹੀਨ ਬਾਗ ਵਿਚ ਹੋ ਰਹੇ ਪ੍ਰਦਰਸ਼ਨ ਕਾਰਨ ਸਥਾਨਕ ਦੁਕਾਨਾਂ ਵੀ 50 ਦਿਨਾਂ ਤੋਂ ਬੰਦ ਹਨ ਦੁਕਾਨਦਾਰਾਂ ਦਾ ਧੰਦਾ ਠੱਪ ਪਿਆ ਹੈ। ਧਰਨੇ ਵਾਲੀ ਜਗ੍ਹਾ ਉੱਤੇ ਕਈ ਬਰੈਂਡਡ ਪ੍ਰੋਡਕਟਾ ਵਾਲੇ ਸ਼ੋਅ ਰੂਮ ਵੀ ਹਨ ਪਰ ਪ੍ਰਦਰਸ਼ਨ ਦੇ ਚੱਲਦੇ ਇਨ੍ਹਾਂ ਨੂੰ ਖੋਲਿਆ ਨਹੀਂ ਜਾ ਸਕਿਆ ਹੈ ਜਿਸ ਕਰਕੇ ਦੁਕਾਨਦਾਰਾਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ।ਸ਼ਾਹੀਨ ਬਾਗ ਦੇ ਪ੍ਰਦਰਸ਼ਨ ਕਾਰਨ ਦਿੱਲੀ ਤੋਂ ਨੋਇਡਾ ਜਾਣ ਵਾਲਾ ਰਸਤਾ ਪਿਛਲੇ 50 ਦਿਨਾਂ ਤੋਂ ਬੰਦ ਪਿਆ ਹੈ ਜਿਸ ਕਰਕੇ ਲੋਕਾਂ ਨੂੰ ਵੀ ਟ੍ਰੈਫਿਕ ਜਾਮ ਵਿਚ ਫਸਨ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਪੁਲਿਸ ਨੇ ਵੀ ਇਸ ਧਰਨੇ ਨੂੰ ਚੁੱਕਣ ਦੀ ਕਈ ਵਾਰ ਅਪੀਲ ਕੀਤੀ ਹੈ ਪਰ ਪ੍ਰਦਰਸ਼ਨਕਾਰੀ ਕਿਸੇ ਦੀ ਵੀ ਸੁਣਨ ਲਈ ਤਿਆਰ ਨਹੀਂ ਹਨ।

1 ਫਰਵਰੀ ਨੂੰ ਸ਼ਾਹੀਨ ਬਾਗ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਬਾਹਰ ਇਕ ਵਿਅਕਤੀ ਵੱਲੋਂ ਫਾਇਰਿੰਗ ਵੀ ਕੀਤੀ ਗਈ ਸੀ ਜਿਸ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਸੀ ਅਤੇ ਉੱਥੇ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਸੀ। ਬੀਤੇ ਕੱਲ੍ਹ ਵੀ ਕੁੱਝ ਹਿੰਦੂ ਸੰਗਠਨਾ ਵੱਲੋਂ ਪ੍ਰਦਰਸ਼ਨ ਵਿਰੁੱਧ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਉਨ੍ਹਾਂ ਨੂੰ ਇਜਾਜਤ ਨਹੀਂ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਨੇ ਆਪਣਾ ਧਰਨਾ ਰੱਦ ਕਰ ਦਿੱਤਾ ਪਰ ਇਸ ਤੋਂ ਇਕਦਮ ਬਾਅਦ ਉੱਥੇ 100 ਤੋਂ 150 ਸਥਾਨਕ ਲੋਕ ਇੱਕਠੇ ਹੋ ਗਏ ਜੋ ਇਸ ਪ੍ਰਦਰਸ਼ਨ ਵਿਰੁੱਧ ਨਾਅਰੇਬਾਜੀ ਅਤੇ ਸੜਕ ਨੂੰ ਖਾਲੀ ਕਰਨ ਦੀ ਮੰਗ ਕਰਨ ਲੱਗੇ ਅਤੇ ਉੱਥੇ ਹੀ ਸੜਕ 'ਤੇ ਬੈਠ ਗਏ। ਪੁਲਿਸ ਦੇ ਕਾਫੀ ਸਮਝਾਉਣ ਤੋਂ ਬਾਅਦ ਵੀ ਉਹ ਨਾਂ ਮੰਨੇ ਜਿਸ ਤੋਂ ਬਾਅਦ ਲਗਭਗ 50 ਲੋਕਾਂ ਨੂੰ ਪੁਲਿਸ ਬੱਸਾਂ ਵਿਚ ਭਰ ਕੇ ਉੱਥੋਂ ਲੈ ਗਈ।

ਬੀਤੇ ਐਤਵਾਰ ਖੁਦ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੂਲਿਆ ਪਟਨਾਇਕ ਨੇ ਮੀਡੀਆ ਦੇ ਜਰੀਏ ਧਰਨੇ 'ਤੇ ਬੈਠੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮੁੱਖ ਰਸਤੇ ਤੋਂ ਹੱਟ ਜਾਣ। ਉਨ੍ਹਾਂ ਨੇ ਫਾਇਰਿੰਗ ਦੀ 'ਤੇ ਘਟਨਾ ਬੋਲਦਿਆ ਇਹ ਵੀ ਕਿਹਾ ਕਿ ਸ਼ਾਹੀਨ ਬਾਗ ਵਿਚ ਸੁਰੱਖਿਆ ਦਾ ਸਖ਼ਤ ਇੰਤਜਾਮ ਕੀਤੇ ਗਏ ਹਨ ਤਾਂ ਕਿ ਕੋਈ ਅਣਸੁਖਾਈ ਘਟਨਾ ਨਾਂ ਵਾਪਰੇ।

ਸ਼ਾਹੀਨ ਬਾਗ ਵਿਚ ਹੋ ਰਹੇ ਪ੍ਰਦਰਸ਼ਨ ਤੇ ਲਗਾਤਾਰ ਹਮਲਾਵਰ ਰਹਿਣ ਵਾਲੀ ਮੋਦੀ ਸਰਕਾਰ ਦੇ ਰੁਖ ਵਿਚ ਵੀ ਥੋੜੀ ਨਰਮੀ ਵੇਖਣ ਨੂੰ ਮਿਲੀ ਹੈ ਜਿਸ ਦਾ ਸੰਕੇਤ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵੀਟ ਕਰ ਕੇ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਲੋਕਾਂ ਲਈ ਗੱਲਬਾਤ ਕਰਨ ਲਈ ਤਿਆਰ ਹੈ ਪਰ ਇਕ ਯੋਜਨਾਬੁੱਧ ਤਰੀਕੇ ਨਾਲ।

ਉਨ੍ਹਾਂ ਨੇ ਇਕ ਟੀਵੀ ਪ੍ਰੋਗਰਾਮ ਵਿਚ ਵੀ ਕਿਹਾ ਸੀ ਕਿ ''ਜੇਕਰ ਤੁਸੀ ਵਿਰੋਧ ਕਰ ਰਹੇ ਹੋ ਤਾਂ ਚੰਗੀ ਗੱਲ ਹੈ ਪਰ ਤੁਹਾਡੇ ਲੋਕਾਂ ਦੀ ਜਦੋਂ ਅਸੀ ਕੋਈ ਅਵਾਜ ਸੁਣਦੇ ਹਾਂ ਤਾਂ ਕਹਿੰਦੇ ਹਨ ਕਿ ਸੀਏਏ ਜਦੋਂ ਤੱਕ ਵਾਪਸ ਨਹੀਂ ਹੋਵੇਗਾ ਉਦੋਂ ਤੱਕ ਗੱਲ ਨਹੀਂ ਹੋਵੇਗੀ। ਜੇਕਰ ਇਹ ਚਾਹੁੰਦੇ ਹਨ ਕਿ ਸਰਕਾਰ ਦਾ ਕੋਈ ਪ੍ਰਤੀਨਿਧੀ ਗੱਲ ਕਰੇ ਤਾਂ ਇਕ ਸਟਰੱਕਚਰ ਤਰੀਕਾ ਹੋਣਾ ਚਾਹੀਦਾ ਹੈ ਜੇਕਰ ਤੁਸੀ ਕਹੋਗੇ ਉੱਥੇ ਆ ਕੇ ਗੱਲ ਕਰੋ, ਤਾਂ ਕਿਵੇ ਹੋਵੇਗਾ?'' ਖੈਰ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਪ੍ਰਦਰਸ਼ਨ ਕਦੋਂ ਤੱਕ ਚੱਲਦਾ ਹੈ ਅਤੇ ਸਰਕਾਰ ਇਸ ਪ੍ਰਦਰਸ਼ਨ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ।