ਮੈਂ ਰਾਹੁਲ ਦੇ ਜਨਮ ਦੀ ਗਵਾਹ ਰਹੀ ਹਾਂ : ਸੇਵਾਮੁਕਤ ਨਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਦੇ ਵਾਇਨਾਡ ਤੋਂ ਲੜਨ 'ਤੇ ਖ਼ੁਸ਼ ਹਾਂ

I was witness to Rahul's birth, thrilled he contested from Wayanad : Nurse

ਕੋਚੀ : ਰਾਹੁਲ ਗਾਂਧੀ ਦੇ ਜਨਮ ਦੀ ਗਵਾਹ ਰਹੀ ਸੇਵਾਮੁਕਤ ਨਰਸ ਅਤੇ ਵਾਇਨਾਡ ਤੋਂ ਵੋਟਰ ਰਾਜੱਮਾ ਵਾਵਥਿਲ ਜ਼ੋਰ ਦੇ ਕੇ ਕਹਿੰਦੀ ਹੈ ਕਿ ਕਿਸੇ ਨੂੰ ਵੀ ਕਾਂਗਰਸ ਪ੍ਰਧਾਨ ਦੀ ਨਾਗਰਿਕਤਾ 'ਤੇ ਸਵਾਲ ਨਹੀਂ ਚੁਕਣਾ ਚਾਹੀਦਾ ਕਿਉਂਕਿ ਉਹ ਉਨ੍ਹਾਂ ਲੋਕਾਂ ਵਿਚੋਂ ਇਕ ਹੈ ਜਿਹੜੇ ਦਿੱਲੀ ਦੇ ਹੋਲੀ ਫ਼ੈਮਲੀ ਹਸਪਤਾਲ ਵਿਚ 19 ਜੂਨ 1970 ਨੂੰ ਰਾਹੁਲ ਦੇ ਜਨਮ ਦੌਰਾਨ ਡਿਊਟੀ 'ਤੇ ਸੀ। 

72 ਸਾਲਾ ਰਾਜੱਮਾ ਉਸ ਵਕਤ ਬਤੌਰ ਨਰਸ ਸਿਖਲਾਈ ਲੈ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਵਿਚ ਸ਼ੁਮਾਰ ਸੀ ਜਿਨ੍ਹਾਂ ਨਿੱਕੇ ਜਿਹੇ ਰਾਹੁਲ ਨੂੰ ਪਹਿਲੀ ਵਾਰ ਅਪਣੇ ਹੱਥਾਂ ਵਿਚ ਚੁਕਿਆ ਸੀ। ਵਾਇਨਾਡ ਤੋਂ ਵਾਵਥਿਲ ਨੇ ਦਸਿਆ, 'ਮੈਂ ਖ਼ੁਸ਼ਨਸੀਬ ਸੀ ਕਿਉਂਕਿ ਨਵਜਨਮੇ ਰਾਹੁਲ ਨੂੰ ਅਪਣੀ ਗੋਦ ਵਿਚ ਚੁੱਕਣ ਵਾਲੇ ਲੋਕਾਂ ਵਿਚ ਮੈਂ ਪਹਿਲੀ ਸੀ। ਮੈਂ ਉਨ੍ਹਾਂ ਦੇ ਜਨਮ ਦੀ ਗਵਾਹ ਰਹੀ ਹਾਂ। ਮੈਂ ਬੇਹੱਦ ਉਤਸ਼ਾਹਤ ਸੀ। ਇੰਦਰਾ ਗਾਂਧੀ ਦੇ ਪੋਤੇ ਨੂੰ ਵੇਖ ਕੇ ਅਸੀਂ ਸਾਰੇ ਬਹੁਤ ਉਤਸ਼ਾਹਤ ਸਾਂ।'

ਉਸ ਨੇ ਕਿਹਾ ਕਿ 49 ਸਾਲ ਮਗਰੋਂ ਉਹ 'ਪਿਆਰਾ ਬੱਚਾ' ਅੱਜ ਕਾਂਗਰਸ ਪ੍ਰਧਾਨ ਹੈ ਅਤੇ ਵਾਇਨਾਡ ਤੋਂ ਚੋਣ ਲੜ ਰਿਹਾ ਹੈ। ਵਾਵਥਿਲ ਹੁਣ ਖ਼ੁਦ ਨੂੰ ਸੁਆਣੀ ਦਸਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਤੋਂ ਵੱਧ ਖ਼ੁਸ਼ੀ ਨਹੀਂ ਮਿਲ ਸਕਦੀ ਸੀ। ਉਸ ਦਸਦੀ ਹੈ ਕਿ ਕਿਵੇਂ ਜਦ ਸੋਨੀਆ ਗਾਂਧੀ ਨੂੰ ਜਣੇਪੇ ਲਈ ਲਿਜਾਇਆ ਜਾ ਰਿਹਾ ਸੀ ਤਦ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਅਤੇ ਚਾਚਾ ਸੰਜੇ ਗਾਂਧੀ ਹਸਪਤਾਲ ਦੇ ਜਣੇਪਾ ਕਮਰੇ ਦੇ ਬਾਹਰ ਉਡੀਕ ਕਰ ਰਹੇ ਸਨ।  ਇਹ ਕਹਾਣੀ ਉਹ ਅਕਸਰ ਅਪਣੇ ਪਰਵਾਰ ਨੂੰ ਸੁਣਾਉਂਦੀ ਹੈ।

ਸੇਵਾਮੁਕਤ ਨਰਸ ਨੇ ਕਿਹਾ ਕਿ ਉਸ ਨੂੰ ਰਾਹੁਲ ਦੀ ਨਾਗਰਿਕਤਾ 'ਤੇ ਸਵਾਲ ਚੁੱਕਣ ਵਾਲੇ ਭਾਜਪਾ ਨੇਤਾ ਸੁਬਰਮਨੀਅਮ ਸਵਾਮੀ ਦੀ ਸ਼ਿਕਾਇਤ ਤੋਂ ਦੁੱਖ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਰਾਹੁਲ ਗਾਂਧੀ ਦੇ ਜਨਮ ਬਾਰੇ ਸਾਰੇ ਰੀਕਾਰਡ ਮੌਜੂਦ ਹਨ। ਵਾਵਥਿਲ ਨੇ ਦਿੱਲੀ ਦੇ ਹੋਲੀ ਫ਼ੈਮਲੀ ਹਸਪਤਾਲ ਤੋਂ ਨਰਸਿੰਗ ਕੋਰਸ ਪੂਰਾ ਕੀਤਾ ਸੀ ਅਤੇ ਬਾਅਦ ਵਿਚ ਉਹ ਭਾਰਤੀ ਫ਼ੌਜ ਵਿਚ ਨਰਸ ਵਜੋਂ ਸ਼ਾਮਲ ਹੋਈ ਸੀ।