ਹਨੇਰੀ-ਤੂਫ਼ਾਨ ਨਾਲ ਯੂ.ਪੀ. 'ਚ 17 ਲੋਕਾਂ ਦੀ ਮੌਤ, 11 ਜ਼ਖ਼ਮੀ
ਕਲ ਦੇਰ ਸ਼ਾਮ ਆਈ ਹਨੇਰੀ ਦਾ ਕਹਿਰ ਯੂ.ਪੀ. ਅਤੇ ਉੱਤਰਾਖੰਡ 'ਚ ਵੇਖਣ ਨੂੰ ਮਿਲਿਆ ਹੈ। ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਰਾਤ ਆਏ ਹਨੇਰੀ-ਤੂਫ਼ਾਨ...
ਲਖਨਊ/ਦੇਹਰਾਦੂਨ, ਕਲ ਦੇਰ ਸ਼ਾਮ ਆਈ ਹਨੇਰੀ ਦਾ ਕਹਿਰ ਯੂ.ਪੀ. ਅਤੇ ਉੱਤਰਾਖੰਡ 'ਚ ਵੇਖਣ ਨੂੰ ਮਿਲਿਆ ਹੈ। ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਰਾਤ ਆਏ ਹਨੇਰੀ-ਤੂਫ਼ਾਨ ਨਾਲ 17 ਜਣਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ 'ਚ ਜ਼ਿਆਦਾਤਰ ਦੀ ਮੌਤ ਦਰੱਖ਼ਤ ਅਤੇ ਮਕਾਨ ਡਿੱਗਣ ਕਰ ਕੇ ਹੋਈ। ਉਧਰ ਉੱਤਰਾਖੰਡ 'ਚ ਵੀ ਕਲ ਦੇਰ ਸ਼ਾਮ ਹਨੇਰੀ ਅਤੇ ਤੇਜ਼ ਮੀਂਹ ਕਰ ਕੇ ਅਚਾਨਕ ਆਏ ਹੜ੍ਹ 'ਚ ਵਹੇ ਦੋ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਹੈ ਪਰ ਇਕ ਕੁੜੀ ਅਜੇ ਵੀ ਲਾਪਤਾ ਹੈ।
ਕਲ ਰਾਤ ਆਈ ਹਨੇਰੀ-ਤੂਫ਼ਾਨ ਕਰ ਕੇ ਸੱਭ ਤੋਂ ਜ਼ਿਆਦਾ ਨੁਕਸਾਨ ਯੂ.ਪੀ. ਦੇ ਮੁਰਾਦਾਬਾਦ ਜ਼ਿਲ੍ਹੇ 'ਚ ਹੋਇਆ ਜਿਥੇ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਮੁਜ਼ੱਫ਼ਰਨਗਰ 'ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਹੋਰ ਹੋਰ ਜ਼ਖ਼ਮੀ ਹੋ ਗਏ। ਮੇਰਠ 'ਚ ਵੀ ਦੋ ਜਣੇ ਜ਼ਖ਼ਮੀ ਹੋ ਗਏ। ਬਦਾਯੂੰ 'ਚ ਦੋ ਅਤੇ ਅਮਰੋਹਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਚਾਰ ਅਤੇ ਪੰਜ ਜੂਨ ਨੂੰ ਵੀ ਕਈ ਥਾਵਾਂ 'ਤੇ ਹਨੇਰੀ-ਤੂਫ਼ਾਨ ਆ ਸਕਦਾ ਹੈ। (ਪੀਟੀਆਈ)