100 ਤੋਂ ਵੀ ਜ਼ਿਆਦਾ ਬੱਚਿਆਂ ਦੀ ਮੌਤ ਤੋਂ ਬਾਅਦ ਨਿਤਿਸ਼ ਕੁਮਾਰ ਪਹੁੰਚੇ ਮੁਜ਼ੱਫ਼ਰਪੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਬਿਹਾਰ ਵਿਹੁਣ ਤੱਕ 126 ਬੱਚਿਆਂ ਦੀ ਮੌਤ ਹੋ ਚੁਕੀ ਹੈ ਅਤੇ ਮੁੱਖ ਮੰਤਰੀ ਦੇ ਇਸ ਰਵੱਈਏ ਤੋਂ ਲੋਕਾਂ ਵਿਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ।

Bihar Chief Minister Nitish Kumar

ਬਿਹਾਰ: ਐਕਿਊਟ ਇੰਸੇਫਿਲਾਈਟਿਸ ਸਿੰਡਰੋਮ ਕਾਰਨ 100 ਤੋਂ ਵੀ ਜ਼ਿਆਦਾ ਬੱਚਿਆਂ ਦੀ ਮੌਤ ਹੋ ਜਾਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਜ਼ੱਫਰਨਗਰ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ (SKMCH) ਦਾ ਦੌਰਾ ਕੀਤਾ। ਹਸਪਤਾਲ ਵਿਚ ਮੌਤ ਦਾ ਸਿਲਸਿਲਾ 17 ਦਿਨ ਪਹਿਲਾਂ ਸ਼ੁਰੂ ਹੋਇਆ ਸੀ, ਜੋ ਕਿ ਹੁਣ ਤੱਕ ਜਾਰੀ ਹੈ। ਪੂਰੇ ਬਿਹਾਰ ਵਿਚ ਹੁਣ ਤੱਕ 126 ਬੱਚਿਆਂ ਦੀ ਮੌਤ ਹੋ ਚੁਕੀ ਹੈ ਅਤੇ ਮੁੱਖ ਮੰਤਰੀ ਦੇ ਇਸ ਰਵੱਈਏ ਤੋਂ ਲੋਕਾਂ ਵਿਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ।

ਪੂਰੇ ਬਿਹਾਰ ਵਿਚ ਜਾਰੀ ਐਕਿਊਟ ਇੰਸੇਫਿਲਾਈਟਿਸ ਸਿੰਡਰੋਮ ਨਾਲ ਸਵਾ ਸੌ ਤੋਂ ਜ਼ਿਆਦਾ ਅਤੇ ਸਿਰਫ਼ ਮੁਜ਼ੱਫਰਪੁਰ ਵਿਚ 109 ਬੱਚਿਆਂ ਦੀ ਮੌਤ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਨੂੰ ਫ਼ੁਰਸਤ ਮਿਲੀ ਹੈ। ਇਸ ਤੋਂ ਇਲਾਵਾ ਮੁਜ਼ੱਫ਼ਰਪੁਰ ਦੇ ਕੇਜਰੀਵਾਲ ਹਸਪਤਾਲ ਵਿਚ ਵੀ 19 ਬੱਚੇ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਏ ਹਨ। ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮੁਜ਼ੱਫ਼ਰਪੁਰ ਵਿਚ ਹੀ ਦੇਖਣ ਨੂੰ ਮਿਲ ਰਿਹਾ ਹੈ।

SKMCH ਦੇ ਸੁਪਰਡੈਂਟ ਸੁਨੀਲ ਕੁਮਾਰ ਸ਼ਾਹੀ ਨੇ ਜਾਣਕਾਰੀ ਦਿੱਤੀ ਸੀ ਕਿ ਕੁੱਲ ਮਿਲਾ ਕੇ ਹਸਪਤਾਲ ਵਿਚ 330 ਬੱਚਿਆਂ ਨੂੰ ਐਕਿਊਟ ਸੇਫਿਲਾਈਟਿਸ ਸਿੰਡਰੋਮ ਦੇ ਚਲਦਿਆਂ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ 100 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ 45 ਬੱਚਿਆਂ ਨੂੰ ਮੰਗਲਵਾਰ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਸਿਰਫ਼ 17 ਦਿਨਾਂ ਦੇ ਅੰਦਰ ਇਕ ਹੀ ਸ਼ਹਿਰ ਵਿਚ ਇਸ ਬਿਮਾਰੀ ਨੇ 100 ਤੋਂ ਵੀ ਜ਼ਿਆਦਾ ਬੱਚਿਆਂ ਦੀ ਜਾਨ ਲੈ ਲਈ।

ਮੁੱਖ ਮੰਤਰੀ ਤੋਂ ਪਹਿਲਾਂ ਸੂਬੇ ਦੇ ਸਿਹਤ ਮੰਤਰੀ ਮੰਗਲ ਪਾਂਡੇ ਵੀ ਐਤਵਾਰ ਨੂੰ ਹੀ ਪਹਿਲੀ ਵਾਰ ਮੁਜ਼ੱਫ਼ਰਪੁਰ ਪਹੁੰਚੇ ਸੀ। ਇਥੇ ਉਹਨਾਂ ਨੇ ਮਰੀਜ਼ਾਂ ਅਤੇ ਉਹਨਾਂ ਦੇ ਪਰਵਾਰਾਂ ਨਾਲ ਮੁਲਾਕਾਤ ਤੋਂ ਇਲਾਵਾ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।  ਐਤਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ, ਰਾਜ ਮੰਤਰੀ ਅਸ਼ਵਨੀ ਚੌਬੇ ਨੇ ਵੀ ਮੁਜ਼ੱਫ਼ਰਪੁਰ ਦਾ ਦੌਰਾ ਕੀਤਾ ਸੀ। ਡਾਕਟਰ ਹਰਸ਼ਵਰਧਨ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਉਹਨਾਂ ਦੀਆਂ ਟੀਮਾਂ ਪਹਿਲੇ ਦਿਨ ਤੋਂ ਹੀ ਤੈਨਾਤ ਹਨ ਅਤੇ ਕੰਮ ਕਰ ਰਹੀਆਂ ਹਨ। ਇਸ ਦੌਰਾਨ ਉਹਨਾਂ ਨੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਸੀ।