ਛੇੜਛਾੜ ਦੀਆਂ ਘਟਨਾਵਾਂ ਰੋਕਣ ਲਈ ਸਰਕਾਰੀ ਸਕੂਲ ਦਾ ਅਜੀਬੋ-ਗਰੀਬ ਫੁਰਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

3 ਦਿਨ ਲੜਕੇ ਅਤੇ 3 ਦਿਨ ਲੜਕੀਆਂ ਆਉਣਗੀਆਂ ਸਕੂਲ

West Bengal school directs boys and girls to be present only on alternate days

ਮਾਲਦਾ : ਛੇੜਛਾੜ ਦੀਆਂ ਘਟਨਾਵਾਂ ਰੋਕਣ ਲਈ ਪਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਨੇ ਅਜੀਬੋ-ਗ਼ਰੀਬ ਫੁਰਮਾਨ ਜਾਰੀ ਕੀਤਾ ਹੈ। ਇਸ ਆਦੇਸ਼ ਤਹਿਤ ਲੜਕੇ-ਲੜਕੀਆਂ ਵੱਖ-ਵੱਖ ਦਿਨ ਸਕੂਲ ਆਉਣਗੇ। ਮਾਲਦਾ ਦੇ ਹਬੀਬਪੁਰ ਖੇਤਰ ਦੇ ਗਿਰਿਜਾ ਸੁੰਦਰੀ ਵਿਦਿਆ ਮੰਦਰ ਸਕੂਲ ਦੇ ਫ਼ੈਸਲੇ 'ਤੇ ਪ੍ਰਸ਼ਾਸਨ ਨੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਇਸ ਕਦਮ ਨੂੰ ਅਜੀਬ ਦੱਸਦਿਆਂ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਸਕੂਲ ਦੇ ਪ੍ਰਿੰਸੀਪਲ ਰਵਿੰਦਰਨਾਥ ਪਾਂਡੇ ਨੇ ਦਾਅਵਾ ਕੀਤਾ ਕਿ ਛੇੜਛਾੜ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਸਕੂਲ ਇਹ ਕਦਮ ਚੁੱਕਣ ਲਈ ਮਜਬੂਰ ਸੀ। ਪਾਂਡੇ ਨੇ ਕਿਹਾ, "ਇਹ ਫ਼ੈਸਲਾ ਕੀਤਾ ਗਿਆ ਕਿ ਲੜਕੀਆਂ ਸੋਮਵਾਰ, ਮੰਗਲਵਾਰ ਤੇ ਸ਼ੁਕਰਵਾਰ ਅਤੇ ਲੜਕੇ ਬੁਧਵਾਰ, ਵੀਰਵਾਰ ਤੇ ਸਨਿਚਰਵਾਰ ਨੂੰ ਪੜ੍ਹਨ ਲਈ ਸਕੂਲ ਆਉਣਗੇ।"

ਸੂਬੇ ਦੇ ਸਿਖਿਆ ਮੰਤਰੀ ਪਾਰਥ ਚਟਰਜ਼ੀ ਨੇ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹਨ। ਅਜਿਹੇ ਫ਼ੈਸਲਿਆਂ ਦਾ ਕਦੇ ਸਮਰਥਨ ਨਹੀਂ ਕੀਤਾ ਜਾ ਸਕਦਾ। ਅਸੀ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ ਅਤੇ ਇਸ ਆਦੇਸ਼ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੱਛਮ ਬੰਗਾਲ ਸਰਕਾਰ ਵੱਲੋਂ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਮੁਸਲਿਮ ਵਿਦਿਆਰਥੀਆਂ ਲਈ ਵੱਖਰਾ ਦੁਪਹਿਰ ਦਾ ਖਾਣਾ ਬਣਾਇਆ ਜਾਵੇਗਾ। ਇਹ ਆਦੇਸ਼ ਸੂਬੇ ਦੇ ਉਨ੍ਹਾਂ ਸਾਰੇ ਸਰਕਾਰੀ ਸਕੂਲਾਂ 'ਤੇ ਲਾਗੂ ਕੀਤਾ ਜਾਵੇਗਾ, ਜਿੱਥੇ 70 ਫ਼ੀਸਦੀ ਜਾਂ ਉਸ ਤੋਂ ਵੱਧ ਮੁਸਲਿਮ ਮੌਜੂਦ ਹਨ।