ਗੰਗਾ ਦੁਨੀਆਂ ਦੀ ਸਭ ਤੋਂ ਸੰਕਟਗ੍ਰਸਤ ਨਦੀ, ਵਰਲਡ ਵਾਈਡ ਫੰਡ ਦੀ ਰਿਪੋਰਟ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੰਗਾ ਨਦੀ, ਜਿਸ ਨੂੰ ਪਵਿੱਤਰ ਨਦੀ ਮੰਨਿਆ ਜਾਂਦਾ ਹੈ ਅਤੇ ਹਿੰਦੂ ਧਰਮ ਵਿਚ ਇਸ ਦੀ ਕਾਫ਼ੀ ਮਾਨਤਾ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪਿਛਲੇ ਕਾਫ਼ੀ ਸਮੇਂ ਤੋਂ ...

Ganga River Pollurion

ਨਵੀਂ ਦਿੱਲੀ : ਗੰਗਾ ਨਦੀ, ਜਿਸ ਨੂੰ ਪਵਿੱਤਰ ਨਦੀ ਮੰਨਿਆ ਜਾਂਦਾ ਹੈ ਅਤੇ ਹਿੰਦੂ ਧਰਮ ਵਿਚ ਇਸ ਦੀ ਕਾਫ਼ੀ ਮਾਨਤਾ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪਿਛਲੇ ਕਾਫ਼ੀ ਸਮੇਂ ਤੋਂ ਗੰਗਾ ਦੀ ਸਫ਼ਾਈ ਨੂੰ ਲੈ ਕੇ ਕਾਫ਼ੀ ਦਾਅਵੇ ਕਰਦੀ ਆ ਰਹੀ ਹੈ ਪਰ ਕੌਮਾਂਤਰੀ ਪੱਧਰ ਦੇ ਐਨਜੀਉ ਵਰਲਡ ਵਾਈਡ ਫੰਡ (ਡਬਲਯੂਡਬਲਯੂਐਫ) ਦਾ ਦਾਅਵਾ ਹੈ ਕਿ ਗੰਗਾ ਦੁਨੀਆਂ ਦੀ ਸਭ ਤੋਂ ਸੰਕਟਗ੍ਰਸਤ ਨਦੀ ਹੈ।

ਖ਼ਬਰ ਏਜੰਸੀ ਮੁਤਾਬਕ ਦੇਸ਼ ਵਿਚ 2071 ਕਿਲੋਮੀਟਰ ਖੇਤਰ ਵਿਚ ਵਹਿਣ ਵਾਲੀ ਨਦੀ ਗੰਗਾ ਦੇ ਬਾਰੇ ਵਿਚ ਵਰਲਡ ਵਾਈਡ ਫੰਡ ਦਾ ਕਹਿਣਾ ਹੈ ਕਿ ਗੰਗਾ ਵਿਸ਼ਵ ਦੀ ਸਭ ਤੋਂ ਜ਼ਿਆਦਾ ਖ਼ਤਰੇ ਨਾਲ ਜੂਝ ਰਹੀਆਂ ਨਦੀਆਂ ਵਿਚੋਂ ਇਕ ਹੈ ਕਿਉਂਕਿ ਲਗਭਗ ਸਾਰੀਆਂ ਦੂਜੀਆਂ ਭਾਰਤੀ ਨਦੀਆਂ ਵਾਂਗ ਗੰਗਾ ਵਿਚ ਲਗਾਤਾਰ ਪਹਿਲਾਂ ਹੜ੍ਹ ਅਤੇ ਫਿਰ ਸੋਕੇ ਦੀ ਸਥਿਤੀ ਪੈਦਾ ਹੋ ਰਹੀ ਹੈ।

ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਲੰਬੀ ਨਦੀ ਗੰਗਾ ਉਤਰਾਖੰਡ ਦੇ ਕੁਮਾਊਂ ਵਿਚ ਹਿਮਾਲਿਆ ਦੇ ਗੌਮੁਖ ਨਾਮ ਸਥਾਨ 'ਤੇ ਗੰਗੋਤਰੀ ਹਿਮਨਦੀ ਨਾਲ ਮਿਲਦੀ ਹੈ। ਗੰਗਾ ਦੇ ਇਸ ਅਸਥਾਨ ਦੀ ਉਚਾਈ ਸਮੁੰਦਰ ਦੀ ਸਤ੍ਹਾ ਤੋਂ 3140 ਮੀਟਰ ਹੈ। ਉਤਰਾਖੰਡ ਵਿਚ ਹਿਮਾਲਿਆ ਤੋਂ ਲੈ ਕੇ ਬੰਗਾਲ ਦੀ ਖਾੜੀ ਦੇ ਸੁੰਦਰਵਣ ਤਕ ਗੰਗਾ ਵਿਸ਼ਾਲ ਜ਼ਮੀਨੀ ਹਿੱਸੇ ਸਿੰਚਦੀ ਹੈ।  ਗੰਗਾ ਭਾਰਤ ਵਿਚ 2071 ਕਿਲੋਮੀਟਰ ਅਤੇ ਉਸ ਤੋਂ ਬਾਅਦ ਬੰਗਲਾਦੇਸ਼ ਵਿਚ ਅਪਣੀਆਂ ਸਹਾਇਕ ਨਦੀਆਂ ਦੇ ਨਾਲ 10 ਲੱਖ ਵਰਗ ਕਿਲੋਮੀਟਰ ਖੇਤਰ ਦੇ ਬੇਹੱਦ ਵਿਸ਼ਾਲ ਉਪਜਾਊ ਮੈਦਾਨ ਦੀ ਰਚਨਾ ਕਰਦੀ ਹੈ।

ਗੰਗਾ ਨਦੀ ਦੇ ਰਸਤੇ ਵਿਚ ਪੈਣ ਵਾਲੇ ਰਾਜਾਂ ਵਿਚ ਉਤਰਾਖੰਡ, ਉਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਸ਼ਾਮਲ ਹਨ। ਗੰਗਾ ਵਿਚ ਉਤਰ ਵਲੋਂ ਆ ਕੇ ਮਿਲਣ ਵਾਲੀਆਂ ਪ੍ਰਮੁਖ ਸਹਾਇਕ ਨਦੀਆਂ ਵਿਚ ਯਮਨਾ, ਰਾਮਗੰਗਾ, ਕਰਨਾਲੀ, ਤਾਪਤੀ, ਗੰਡਕ, ਕੋਸੀ ਅਤੇ ਕਾਕਸ਼ੀ ਹਨ, ਜਦਕਿ ਦਖਣ ਦੇ ਪਠਾਰ ਤੋਂ ਆ ਕੇ ਮਿਲਣ ਵਾਲੀਆਂ ਪ੍ਰਮੁੱਖ ਨਦੀਆਂ ਵਿਚ ਚੰਬਲ, ਸੋਨ, ਬੇਤਵਾ, ਕੇਨ, ਦਖਣੀ ਟੋਸ ਆਦਿ ਸ਼ਾਮਲ ਹਨ। ਯਮਨਾ ਗੰਗਾ ਦੀ ਸਭ ਤੋਂ ਪ੍ਰਮੁੱਖ ਸਹਾਇਕ ਨਦੀ ਹੈ ਜੋ ਹਿਮਾਲਿਆ ਦੀ ਬੰਦਰਪੂੰਛ ਚੋਟੀ ਦੇ ਯਮੁਨੋਤਰੀ ਹਿਮਖੰਡ ਤੋਂ ਨਿਕਲਦੀ ਹੈ।

ਗੰਗਾ ਉਤਰਾਖੰਡ ਵਿਚ 110 ਕਿਲੋਮੀਟਰ, ਉਤਰ ਪ੍ਰਦੇਸ਼ ਵਿਚ 1450 ਕਿਲੋਮੀਟਰ, ਬਿਹਾਰ ਵਿਚ 445 ਕਿਲੋਮੀਟਰ ਅਤੇ ਪੱਛਮ ਬੰਗਾਲ ਵਿਚ 520 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਬੰਗਾਲ ਦੀ ਖਾੜੀ ਵਿਚ ਮਿਲਦੀ ਹੈ। ਗੰਗਾ ਪੰਜ ਦੇਸ਼ਾਂ ਦੇ 11 ਰਾਜਾਂ ਵਿਚ 40 ਤੋਂ 50 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਪਾਲਣ-ਪੋਸ਼ਣ ਕਰਦੀ ਹੈ। ਭਾਰਤ ਵਿਚ ਗੰਗਾ ਖੇਤਰ ਵਿਚ 565,000 ਵਰਗ ਕਿਲੋਮੀਟਰ ਜ਼ਮੀਨ 'ਤੇ ਖੇਤੀ ਕੀਤੀ ਜਾਂਦੀ ਹੇ ਜੋ ਕਿ ਭਾਰਤ ਦੇ ਕੁੱਲ ਖੇਤੀ ਖੇਤਰ ਦਾ ਲਗਭਗ ਇਕ ਤਿਹਾਈ ਹੈ।  ਭਾਰਤੀ ਗੰ੍ਰਥਾਂ ਵਿਚ ਗੰਗਾ ਦਾ ਅਧਿਆਤਮਕ ਅਤੇ ਸਭਿਆਚਾਰਕ ਮਹੱਤਵ ਵੀ ਹੈ।

ਗ੍ਰੰਥਾਂ ਮੁਤਾਬਕ ਗੰਗਾ ਦਾ ਅਰਥ ਹੈ, ਵਹਿਣਾ, ਗੰਗਾ ਭਾਰਤ ਦੀ ਪਛਾਣ ਹੈ ਅਤੇ ਦੇਸ਼ ਦੇ ਅਧਿਆਤਮਕ ਅਤੇ ਸਭਿਆਚਾਰਕ ਮੁੱਲਾਂ ਨੂੰ ਪਿਰੋਣ ਵਾਲੀ ਇਕ ਮਜਬੂਤ ਡੋਰ ਵੀ ਹੈ। ਦੇਸ਼ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿਚ ਸ਼ੁਮਾਰ ਰਿਸ਼ੀਕੇਸ਼, ਹਰਿਦੁਆਰ, ਪ੍ਰਯਾਗ ਅਤੇ ਕਾਸ਼ੀ ਗੰਗਾ ਦੇ ਕਿਨਾਰੇ ਸਥਿਤ ਹਨ। ਇਸ ਤੋਂ ਇਲਾਵਾ ਕੇਦਾਰਨਾਥ, ਬੱਦਰੀਨਾਥ ਅਤੇ ਗੌਮੁਖ ਗੰਗਾ ਅਤੇ ਉਸ ਦੀਆਂ ਉਪ ਨਦੀਆਂ ਦੇ ਕਿਨਾਰੇ ਸਥਿਤ ਤੀਰਥ ਅਸਥਾਨਾਂ ਵਿਚੋਂ ਇਕ ਹਨ। ਜਿਨ੍ਹਾਂ ਚਾਰ ਅਸਥਾਨਾਂ 'ਤੇ ਕੁੰਭ ਮੇਲਾ ਲਗਦਾ ਹੈ, ਉਨ੍ਹਾਂ ਵਿਚੋਂ ਦੋ ਸ਼ਹਿਰ ਹਰਿਦੁਆਰ ਅਤੇ ਪ੍ਰਯਾਗ ਗੰਗਾ ਕਿਨਾਰੇ ਸਥਿਤ ਹਨ। 

ਜਿੱਥੋਂ ਤਕ ਪ੍ਰਦੂਸ਼ਣ ਦੀ ਗੱਲ ਹੈ ਤਾਂ ਗੰਗਾ ਰਿਸ਼ੀਕੇਸ਼ ਤੋਂ ਹੀ ਪ੍ਰਦੂਸ਼ਤ ਹੋ ਰਹੀ ਹੈ। ਗੰਗਾ ਕਿਨਾਰੇ ਲਗਾਤਾਰ ਵਸਾਈਆਂ ਜਾ ਰਹੀਆਂ ਬਸਤੀਆਂ ਚੰਦਰਭਾਗਾ,  ਮਾਇਆਕੁੰਡ, ਸ਼ੀਸ਼ਮ ਝਾੜੀ ਵਿਚ ਪਖ਼ਾਨਾ ਤਕ ਨਹੀਂ ਹੈ। ਹਿਸ ਲਈ ਇਹ ਗੰਦਗੀ ਵੀ ਗੰਗਾ ਵਿਚ ਮਿਲ ਰਹੀ ਹੈ। ਕਾਨਪੁਰ ਵਲੋਂ 400 ਕਿਲੋਮੀਟਰ ਉਲਟਾ ਜਾਣ 'ਤੇ ਗੰਗਾ ਦੀ ਹਾਲਤ ਸਭ ਤੋਂ ਤਰਸਯੋਗ ਨਜ਼ਰ ਆਉਂਦੀ ਹੈ। ਇਸ ਸ਼ਹਿਰ ਦੇ ਨਾਲ ਗੰਗਾ ਦਾ ਗਤੀਸ਼ੀਲ ਸਬੰਧ ਹੁਣ ਬਾਮੁਸ਼ਕਲ ਹੀ ਰਹਿ ਗਿਆ ਹੈ। 

ਰਿਸ਼ੀਕੇਸ਼ ਤੋਂ ਲੈ ਕੇ ਕੋਲਕਾਤਾ ਤਕ ਗੰਗਾ ਕਿਨਾਰੇ ਪਰਮਾਣੂ ਬਿਜਲੀ ਘਰ ਤੋਂ ਲੈ ਕੇ ਰਸਾਇਣਕ ਖ਼ਾਦ ਤਕ ਦੇ ਕਾਰਖ਼ਾਨੇ ਲੱਗੇ ਹਨ, ਜਿਸ ਦੇ ਕਾਰਨ ਗੰਗਾ ਲਗਾਤਾਰ ਪ੍ਰਦੂਸ਼ਤ ਹੋ ਰਹੀ ਹੈ। ਭਾਰਤ ਵਿਚ ਨਦੀਆਂ ਦਾ ਗ੍ਰੰਥਾਂ, ਧਾਰਮਿਕ ਕਥਾਵਾਂ ਵਿਚ ਵਿਸ਼ੇਸ਼ ਅਸਥਾਨ ਰਿਹਾ ਹੈ। ਆਧੁਨਿਕ ਭਾਰਤ ਵਿਚ ਨਦੀਆਂ ਨੂੰ ਓਨਾ ਹੀ ਮਹੱਤਵ ਦਿਤਾ ਜਾਂਦਾ ਹੈ ਅਤੇ ਲੱਖਾਂ ਸ਼ਰਧਾਲੂ ਤਿਉਹਾਰਾਂ 'ਤੇ ਇਨ੍ਹਾਂ ਪਵਿੱਤਰ ਨਦੀਆਂ ਵਿਚ ਡੁਬਕੀ ਲਗਾਉਂਦੇ ਹਨ ਪਰ ਵਰਤਮਾਨ ਹਾਲਾਤ ਵਿਚ ਨਦੀਆਂ ਦੇ ਘਟਦੇ ਪਾਣੀ ਪੱਧਰ ਅਤੇ ਪ੍ਰਦੂਸ਼ਣ ਨੇ ਵਾਤਾਵਰਣ ਮਾਹਿਰਾਂ ਅਤੇ ਚਿੰਤਕਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿਤੀਆਂ ਹਨ।