ਪੰਜਾਬ 'ਚ ਇਸ ਵਾਰ ਖੁਲ੍ਹ ਕੇ ਵਰ੍ਹਿਆ 'ਇੰਦਰ'
ਇਸ ਸਾਲ ਬੀਤੇ ਤਿੰਨ ਮਹੀਨਿਆਂ ਦੌਰਾਨ ਦੇਸ਼ ਦੇ ਅੱਠ ਰਾਜਾਂ ਨੂੰ ਛੱਡ ਕੇ ਹੋਰ ਰਾਜਾਂ ਵਿਚ ਮੀਂਹ ਦਾ ਪੱਧਰ ਆਮ ਰਿਹਾ ਹੈ.................
ਨਵੀਂ ਦਿੱਲੀ : ਇਸ ਸਾਲ ਬੀਤੇ ਤਿੰਨ ਮਹੀਨਿਆਂ ਦੌਰਾਨ ਦੇਸ਼ ਦੇ ਅੱਠ ਰਾਜਾਂ ਨੂੰ ਛੱਡ ਕੇ ਹੋਰ ਰਾਜਾਂ ਵਿਚ ਮੀਂਹ ਦਾ ਪੱਧਰ ਆਮ ਰਿਹਾ ਹੈ। ਮੀਂਹ ਦੀ ਕਮੀ ਵਾਲੇ ਰਾਜਾਂ ਵਿਚ ਹਰਿਆਣਾ, ਪਛਮੀ ਬੰਗਾਲ ਅਤੇ ਝਾਰਖੰਡ ਤੋਂ ਇਲਾਵਾ ਉੱਤਰ ਪੂਰਬ ਦੇ ਚਾਰ ਸੂਬੇ ਸ਼ਾਮਲ ਹਨ ਜਦਕਿ ਸਿਰਫ਼ ਇਕ ਰਾਜ ਕੇਰਲਾ ਵਿਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਹੈ। ਪੰਜਾਬ ਵਿਚ ਮੀਂਹ ਦਾ ਪੱਧਰ ਆਮ ਰਿਹਾ ਹੈ। ਮੌਸਮ ਵਿਭਾਗ ਨੇ ਦਸਿਆ ਕਿ ਇਕ ਜੂਨ ਤੋਂ ਇਕ ਸਤੰਬਰ ਤਕ ਪੂਰੇ ਦੇਸ਼ ਵਿਚ ਆਮ ਤੋਂ ਮਹਿਜ਼ ਛੇ ਫ਼ੀ ਸਦੀ ਘੱਟ ਮੀਂਹ ਪਿਆ ਹੈ।
ਵਿਭਾਗ ਨੇ ਇਸ ਅਰਸੇ ਦੌਰਾਨ ਦੇਸ਼ ਵਿਚ ਮੀਂਹ ਦਾ ਆਮ ਪੱਧਰ 721.1 ਮਿਮੀ. ਰਹਿਣ ਦਾ ਅਨੁਮਾਨ ਲਾਇਆ ਸੀ ਜਦਕਿ ਅਸਲ ਵਿਚ ਹੁਣ ਤਕ 676.6 ਮਿਮੀ. ਮੀਂਹ ਪਿਆ ਹੈ। ਵਿਭਾਗ ਦੇ ਅੰਕੜਿਆਂ ਮੁਤਾਬਕ ਹਰਿਆਣਾ, ਝਾਰਖੰਡ, ਲਕਸ਼ਦੀਪ ਅਤੇ ਪਛਮੀ ਬੰਗਾਲ ਤੋਂ ਇਲਾਵਾ ਮੇਘਾਲਿਆ, ਆਸਾਮ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਵਿਚ ਆਮ ਨਾਲੋਂ ਕਾਫ਼ੀ ਘੱਟ ਮੀਂਹ ਪਿਆ ਹੈ। ਮੌਸਮ ਵਿਗਿਆਨ ਤਹਿਤ ਮੀਂਹ ਦੇ ਪੱਧਰ ਦੀਆਂ ਛੇ ਵੱਖ ਵੱਖ ਸ਼੍ਰੇਣੀਆਂ ਨਿਰਧਾਰਤ ਹਨ। ਇਨ੍ਹਾਂ ਵਿਚ ਆਮ ਤੋਂ 60 ਫ਼ੀ ਸਦੀ ਜਾਂ ਜ਼ਿਆਦਾ ਮੀਂਹ ਨੂੰ ਕਾਫ਼ੀ ਜ਼ਿਆਦਾ ਮੀਂਹ ਦੀ ਸ਼੍ਰੇਣੀ ਵਿਚ
ਅਤੇ 20 ਤੋਂ 59 ਫ਼ੀ ਸਦੀ ਨੂੰ ਜ਼ਿਆਦਾ ਮੀਂਹ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ। ਆਮ ਨਾਲੋਂ 19 ਫ਼ੀ ਸਦੀ ਘੱਟ ਅਤੇ 19 ਫ਼ੀ ਸਦੀ ਜ਼ਿਆਦਾ ਮੀਂਹ ਨੂੰ ਆਮ ਸ਼੍ਰੇਣੀ ਵਿਚ ਅਤੇ 20 ਤੋਂ 59 ਫ਼ੀ ਸਦੀ ਘੱਟ ਨੂੰ ਘੱਟ ਮੀਂਹ ਵਾਲੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ। ਆਮ ਨਾਲੋਂ 60 ਤੋਂ 99 ਫ਼ੀ ਸਦੀ ਕਮੀ ਨੂੰ ਬਹੁਤ ਜ਼ਿਆਦਾ ਕਮੀ ਦੀ ਸ਼੍ਰੇਣੀ ਵਿਚ ਜਦਕਿ ਅੰਤਮ ਸ਼੍ਰੇਣੀ ਵਿਚ ਮੀਂਹ ਦੀ ਸਿਫ਼ਰ ਫ਼ੀ ਸਦੀ ਮਾਤਰਾ ਦੀ ਹੈ। ਉੱਤਰੀ ਅਤੇ ਮੈਦਾਨ ਰਾਜਾਂ ਵਿਚ ਹਰਿਆਣਾ ਨੂੰ ਛੱਡ ਕੇ ਯੂਪੀ, ਰਾਜਸਥਾਨ ਅਤੇ ਪੰਜਾਬ ਸਮੇਤ ਹੋਰ ਸਾਰੇ ਰਾਜਾਂ ਵਿਚ ਮੀਂਹ ਦਾ ਪੱਧਰ ਆਮ ਸ਼੍ਰੇਣੀ ਵਿਚ ਦਰਜ ਕੀਤਾ ਗਿਆ ਹੈ। ਹਰਿਆਣਾ ਵਿਚ 25 ਫ਼ੀ ਸਦੀ ਘੱਟ ਮੀਂਹ ਪਿਆ ਹੈ।