ਕਸ਼ਮੀਰ 'ਚ ਭਾਜਪਾ ਆਗੂ ਦੇ ਕਤਲ ਤੋਂ ਬਾਅਦ ਸਥਿਤੀ ਤਣਾਅਪੂਰਨ
ਫ਼ੌਜ ਨੇ ਕਿਸ਼ਤਵਾੜ 'ਚ ਕੀਤਾ ਫ਼ਲੈਗਮਾਰਚ, ਜੰਮੂ 'ਚ ਵਿਆਪਕ ਪ੍ਰਦਰਸ਼ਨ.........
ਨਵੀਂ ਦਿੱਲੀ : ਸ਼ੱਕੀ ਅਤਿਵਾਦੀਆਂ ਵਲੋਂ ਵੀਰਵਾਰ ਰਾਤ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਉਸ ਦੇ ਭਰਾ ਦਾ ਕਤਲ ਕਰਨ ਤੋਂ ਬਾਅਦ ਵਾਦੀ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਫ਼ੌਜ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਫ਼ਲੈਗਮਾਰਚ ਕੀਤਾ। ਹਾਲਾਂਕਿ ਜ਼ਿਲ੍ਹਾ ਮੈਜਿਸਟ੍ਰੇਟ ਅੰਗਰੇਜ਼ ਸਿੰਘ ਰਾਣਾ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਕਰਫ਼ਿਊ ਦਾ ਸਖ਼ਤਾਈ ਨਾਲ ਪਾਲਣ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਅਨਿਲ ਪਰਿਹਾਰ (52) ਅਤੇ ਉਨ੍ਹਾਂ ਦੇ ਭਰਾ ਅਜੀਤ ਪਰਿਹਾਰ (55) ਦੇ ਕਤਲ ਮਗਰੋਂ ਅੱਜ ਜੰਮੂ 'ਚ ਵਿਆਪਕ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ।
ਜੰਮੂ, ਰਿਆਸੀ, ਊਧਮਪੁਰ, ਰਾਮਬਨ, ਕਠੂਆ, ਭੱਦਰਵਾਹ ਅਤੇ ਸਾਂਬਾ 'ਚ ਵਿਰੋਧ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਆਈਆਂ ਹਨ। ਜੰਮੂ 'ਚ ਭਾਜਪਾ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਕਾਰਕੁਨਾਂ ਨੇ ਕੱਚੀ ਛਾਉਣੀ, ਤ੍ਰਿਕੁਟਾ ਨਗਰ, ਰੇਹੜੀ ਅਤੇ ਬੋਹਰੀ 'ਚ ਪ੍ਰਦਰਸ਼ਨਕਾਰੀਆਂ ਨੇ ਵੱਖੋ-ਵੱਖ ਸੜਕਾਂ 'ਤੇ
ਇਕੱਠੇ ਹੋ ਕੇ ਕੁੱਝ ਸਮੇਂ ਲਈ ਆਵਾਜਾਈ ਰੋਕ ਦਿਤੀ। ਉਨ੍ਹਾਂ ਟਾਇਰਾਂ 'ਚ ਅੱਗ ਲਾਈ ਅਤੇ ਪਾਕਿਸਤਾਨ ਵਿਰੋਧੀ ਨਾਹਰੇਬਾਜ਼ੀ ਕਰਦਿਆਂ ਕਤਲ 'ਚ ਸ਼ਾਮਲ ਅਤਿਵਾਦੀਆਂ ਦੇ ਖ਼ਾਤਮੇ ਦੀ ਮੰਗ ਕੀਤੀ।
ਉਧਰ ਭਾਜਪਾ ਆਗੂ ਦੇ ਦੋ ਨਿਜੀ ਸੁਰੱਖਿਆ ਅਧਿਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਜੰਮੂ-ਕਸ਼ਮੀਰ ਸਰਕਾਰ ਨੇ ਸ਼ੁਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰ ਦਿਤਾ। ਦੋਹਾਂ ਭਰਾਵਾਂ ਦਾ ਉਸ ਵੇਲੇ ਕਤਲ ਕਰ ਦਿਤਾ ਗਿਆ ਸੀ ਜਦੋਂ ਉਹ ਪੁਰਾਣੇ ਡੀ.ਸੀ. ਦਫ਼ਤਰ ਬਾਹਰ ਸਥਿਤ ਸਟੇਸ਼ਨਰੀ ਦੀ ਅਪਣੀ ਦੁਕਾਨ ਨੂੰ ਬੰਦ ਕਰ ਕੇ ਘਰ ਪਰਤ ਰਹੇ ਸਨ।