ਚੋਣ ਰੈਲੀ ਦੌਰਾਨ ਬੋਲੇ ਪੀਐਮ ਮੋਦੀ, 'ਬਿਹਾਰ ਵਿਚ ਤਸਵੀਰ ਸਾਫ਼, ਫਿਰ ਆ ਰਹੀ NDA ਦੀ ਸਰਕਾਰ'

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਗਲਰਾਜ ਨੇ ਬਿਹਾਰ ਨਾਲ ਕੀਤਾ ਵਿਸ਼ਵਾਸ਼ਘਾਤ- ਪੀਐਮ ਮੋਦੀ 

PM Modi addresses election rally in Saharsa

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਅੱਜ ਦੂਜੇ ਗੇੜ ਦੀ ਵੋਟਿੰਗ ਜਾਰੀ ਹੈ। ਇਸ ਮੌਕੇ ਬਿਹਾਰ ਵਿਧਾਨ ਸਭਾ ਦੀਆਂ 94 ਸੀਟਾਂ 'ਤੇ ਵੋਟਿੰਗ ਜਾਰੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਦਾ ਦੌਰ ਜਾਰੀ ਹੈ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਬਿਹਾਰ ਦੇ ਸਹਰਸਾ ਵਿਚ ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ  ਜੰਗਲਰਾਜ ਨੇ ਬਿਹਾਰ ਨਾਲ ਜੋ ਵਿਸ਼ਵਾਸ਼ਘਾਤ ਕੀਤਾ, ਹਰ ਨਾਗਰਿਕ ਉਸ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਉਹਨਾਂ ਕਿਹਾ ਕਿ ਜ਼ੁਬਾਨ 'ਤੇ ਵਾਰ-ਵਾਰ ਗਰੀਬ ਦਾ ਨਾਂਅ ਲੈਣ ਵਾਲਿਆਂ ਨੇ ਗਰੀਬ ਨੂੰ ਹੀ ਚੋਣਾਂ ਤੋਂ ਦੂਰ ਕਰ ਦਿੱਤਾ ਸੀ।

ਬਿਹਾਰ ਦੇ ਗਰੀਬ ਨੂੰ ਅਪਣੀ ਮਰਜ਼ੀ ਦੀ ਸਰਕਾਰ ਬਣਾਉਣ ਦਾ ਅਧਿਕਾਰ ਹੀ ਨਹੀਂ ਸੀ, ਹੁਣ ਬਿਹਾਰ ਵਿਚ ਬਦਲਾਅ ਹੈ। ਪੀਐਮ ਮੋਦੀ ਨੇ ਅੱਗੇ ਕਿਹਾ, ‘ਬਿਹਾਰ ਦੇ ਲੋਕ ਸਵੈ-ਨਿਰਭਰ ਭਾਰਤ-ਸਵੈ-ਨਿਰਭਰ ਬਿਹਾਰ ਪ੍ਰਤੀ ਵਚਨਬੱਧ ਹਨ। ਪਿਛਲੇ ਸਾਲਾਂ ਵਿਚ ਬਿਹਾਰ ਦੀ ਨੀਂਹ ਰੱਖੀ ਗਈ ਹੈ। ਹੁਣ ਇਸ ਮਜ਼ਬੂਤ​​ਨੀਂਹ 'ਤੇ ਇਕ ਵਿਸ਼ਾਲ ਅਤੇ ਆਧੁਨਿਕ ਬਿਹਾਰ ਬਣਾਉਣ ਦਾ ਸਮਾਂ ਆ ਗਿਆ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਰਬਿਸਗੰਜ  ਵਿਚ ਜਨਤਾ ਨੂੰ ਸੰਬੋਧਨ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ- ‘ਅੱਜ ਜੋ ਲੋਕ ਐਨਡੀਏ ਦੇ ਵਿਰੋਧ ਵਿਚ ਖੜ੍ਹੇ ਹਨ, ਇੰਨਾ ਖਾਣ ਤੋਂ ਬਾਅਦ ਫਿਰ ਲਾਲਚ ਨਾਲ ਬਿਹਾਰ ਵੱਲ ਵੇਖ ਰਹੇ ਹਨ। ਬਿਹਾਰ ਦੇ ਲੋਕਾਂ ਨੂੰ ਪਤਾ ਹੈ ਕਿ ਸੂਬੇ ਦਾ ਵਿਕਾਸ ਕੌਣ ਕਰੇਗਾ ਅਤੇ ਕੌਣ ਪਰਿਵਾਰ ਦਾ ਵਿਕਾਸ ਕਰੇਗਾ।