ਦੇਸ਼ ਵਿਚ NRC ਲਾਗੂ ਹੋਵੇਗੀ ਜਾਂ ਫਿਰ ਨਹੀਂ, ਸਰਕਾਰ ਨੇ ਸੰਸਦ ਵਿਚ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਦੇਸ਼ ਵਿਚ ਐਨਆਰਸੀ ਨੂੰ ਲੈ ਕੇ ਹੋ ਰਹੇ ਹਨ ਵਿਰੋਧ ਪ੍ਰਦਰਸ਼ਨ

File Photo

ਨਵੀਂ ਦਿੱਲੀ : ਪੂਰੇ ਦੇਸ਼ ਵਿਚ ਸੀਏਏ ਅਤੇ ਸੰਭਾਵਤ ਐਨਆਰਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਸੀਏਏ ਤਾਂ ਸਰਕਾਰ ਦੁਆਰਾ ਲਿਆਇਆ ਜਾ ਚੁੱਕਾ ਹੈ ਪਰ ਐਨਆਰਸੀ ਲਿਆਉਣ ਬਾਰੇ ਹੁਣ ਤੱਕ ਅਧਿਕਾਰਕ ਤੌਰ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ। ਇਸ ਦੇ ਬਾਵਜੂਦ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਐਨਆਰਸੀ ਲੈ ਕੇ ਆ ਰਹੀ ਜਿਸ ਕਰਕੇ ਉਨ੍ਹਾਂ ਦੀ ਨਾਗਰਕਿਤਾ ਨੂੰ ਖਤਰਾ ਹੈ।

ਐਨਆਰਸੀ ਲਿਆਇਆ ਜਾ ਰਿਹਾ ਹੈ ਜਾਂ ਫਿਰ ਨਹੀਂ ਇਸ ਬਾਰੇ ਅੱਜ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਲਿਖਤੀ ਬਿਆਨ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਹੁਣ ਤੱਕ ਦੇਸ਼ ਭਰ ਵਿਚ ਐਨਆਰਸੀ ਨੂੰ ਲਾਗੂ ਕਰਨ ਲਈ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ। ਲੋਕਸਭਾ ਵਿਚ ਸੰਸਦ ਮੈਂਬਰ ਚੰਦਨ ਸਿੰਘ ਨਾਗੇਸ਼ਵਰ ਦੁਆਰਾ ਗ੍ਰਹਿ ਮੰਤਰਾਲੇ ਨੂੰ ਕੁੱਝ ਸਵਾਲ ਪੁੱਛੇ ਗਏ ਸਨ ਕਿ ਕੀ ਐਨਆਰਸੀ ਲਈ ਸਰਕਾਰ ਕੋਈ ਕਦਮ ਚੁੱਕ ਰਹੀ ਹੈ ਅਤੇ ਕੀ ਸੂਬਾ ਸਰਕਾਰਾਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਹੈ?

ਇਸ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿਚ ਲਿਖਿਤ ਬਿਆਨ 'ਚ ਕਿਹਾ ਹੈ ਕਿ ਹੁਣ ਤੱਕ ਭਾਰਤ ਸਰਕਾਰ ਨੇ ਪੂਰੇ ਦੇਸ਼ ਵਿਚ ਨੈਸ਼ਨਲ ਰਜਿਸਟਰ ਫੋਰ ਸਿਟਿਜਨ ਲਾਗੂ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੀ ਲੋਕਸਭਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ  ਸ਼ਾਹ ਵੀ ਬਿਆਨ ਦੇਣ ਵਾਲੇ ਸਨ ਪਰ ਵਿਰੋਧੀ ਧੀਰਾਂ ਦੇ ਹੰਗਾਮੇ ਦੇ ਚੱਲਦਿਆਂ ਉਹ ਆਪਣਾ ਬਿਆਨ ਨਹੀਂ ਦੇ ਸਕੇ ਅਤੇ ਸਪੀਕਰ ਓਮ ਬਿਰਲਾ ਨੂੰ ਸਦਨ ਦੀ ਕਾਰਵਾਈ ਮੁੱਤਲਵੀ ਕਰਨੀ ਪਈ।

 ਪੀਐਮ ਮੋਦੀ ਵੀ ਐਨਆਰਸੀ ਨੂੰ ਲੈ ਕੇ ਦਿੱਲੀ ਵਿਚ ਹੋਈ ਰੈਲੀ ਦੌਰਾਨ ਆਪਣੀ ਗੱਲ ਕਹਿ ਚੁੱਕੇ ਹਨ ਉਨ੍ਹਾਂ ਨੇ ਰੈਲੀ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਚ ਐਨਆਰਸੀ ਨੂੰ ਲੈ ਕੇ ਕੋਈ ਚਰਚਾ ਹੀਂ ਨਹੀਂ ਹੋਈ ਹੈ। ਜਦਕਿ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਸੰਸਦ ਵਿਚ ਖੜ੍ਹੇ ਹੋ ਕੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਐਨਆਰਸੀ ਲੈ ਕੇ ਆਵੇਗੀ ਅਤੇ ਪੂਰੇ ਦੇਸ਼ ਵਿਚ ਲਾਗੂ ਕਰੇਗੀ।