ਮੋਦੀ ਦੀ ਬੰਗਾਲ ਰੈਲੀ ਲਈ 53 ਲੱਖ 'ਚ ਬੁੱਕ ਕੀਤੀਆਂ 4 ਵਿਸ਼ੇਸ਼ ਰੇਲ ਗੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਰੇਲ ਗੱਡੀਆਂ ਸਿਰਫ਼ ਭਾਜਪਾ ਵਰਕਰਾਂ ਅਤੇ ਸਮਰਥਕਾਂ ਨੂੰ ਰੈਲੀ 'ਚ ਲਿਆਉਣ ਅਤੇ ਵਾਪਸ ਛੱਡਣ ਲਈ ਚਲਾਈਆਂ ਗਈਆਂ

BJP Hires Four Trains

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਲਈ ਸ਼ੁਰੂ ਹੋਈ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਬੀਤੇ ਬੁੱਧਵਾਰ ਮੋਦੀ ਪੱਛਮ ਬੰਗਾਲ ਦੇ ਸਿਲੀਗੁੜੀ ਅਤੇ ਕੋਲਕਾਤਾ 'ਚ ਚੋਣ ਪ੍ਰਚਾਰ ਕਰਨ ਪੁੱਜੇ ਸਨ। ਇਸ ਦੌਰਾਨ ਭਾਜਪਾ ਆਗੂਆਂ ਤੇ ਵਰਕਰਾਂ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਸਨ। 

ਬੰਗਲਾ ਅਖ਼ਬਾਰ 'ਆਨੰਦ ਬਾਜ਼ਾਰ' ਮੁਤਾਬਕ ਭਾਜਪਾ ਨੇ ਬ੍ਰਿਗੇਡ ਪਰੇਡ ਮੈਦਾਨ 'ਚ ਕੀਤੀ ਗਈ ਰੈਲੀ 'ਚ ਭੀੜ ਇਕੱਤਰ ਕਰਨ ਲਈ ਰੇਲਵੇ ਨੂੰ 53 ਲੱਖ ਰੁਪਏ ਦੀ ਅਦਾਇਗੀ ਕਰ ਕੇ 4 ਵਿਸ਼ੇਸ਼ ਰੇਲ ਗੱਡੀਆਂ ਦੀ ਬੁਕਿੰਗ ਕੀਤੀ ਸੀ। ਇਹ ਰੇਲ ਗੱਡੀਆਂ ਸਿਰਫ਼ ਭਾਜਪਾ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਰੈਲੀ 'ਚ ਲਿਆਉਣ ਅਤੇ ਵਾਪਸ ਛੱਡਣ ਲਈ ਚਲਾਈਆਂ ਗਈਆਂ ਸਨ।

ਭਾਜਪਾ ਸੂਤਰਾਂ ਮੁਤਾਬਕ ਬ੍ਰਿਗੇਡ ਪਰੇਡ ਗਰਾਊਂਡ 'ਚ ਰੈਲੀ ਕਰਨ ਲਈ ਨਾ ਸਿਰਫ਼ ਕੋਲਕਾਤਾ ਪੁਲਿਸ, ਸਗੋਂ ਚੋਣ ਕਮਿਸ਼ਨ ਅਤੇ ਭਾਰਤੀ ਫ਼ੌਜ ਤੋਂ ਵੀ ਮਨਜੂਰੀ ਲੈਣੀ ਪੈਂਦੀ ਹੈ। ਇਹ ਰੇਲ ਗੱਡੀਆਂ ਝਾੜਗ੍ਰਾਮ, ਲਾਲਗੋਲਾ, ਪੁਰੁਲੀਆ ਅਤੇ ਰਾਮਪੁਰਹਾਟ ਤੋਂ ਹਾਵੜਾ ਤਕ ਚਲਾਈਆਂ ਗਈਆਂ। ਰੈਲੀ ਵਾਲੀ ਥਾਂ 'ਤੇ 9 ਵੱਡੇ ਟੈਂਟ ਅਤੇ 100 ਐਲ.ਈ.ਡੀ. ਸਕ੍ਰੀਨ ਵੀ ਲਗਾਈਆਂ ਸਨ।

ਭਾਜਪਾ ਆਗੂਆਂ ਨੂੰ ਪਿਛਲੇ ਹਫ਼ਤੇ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦੀ ਰੈਲੀ ਕੋਲਕਾਤਾ ਅਤੇ ਸਿਲੀਗੁੜੀ 'ਚ ਹੋਵੇਗੀ। ਪਾਰਟੀ ਆਗੂਆਂ ਨੇ ਦੱਸਿਆ ਕਿ ਇਹ ਇਕ ਚੁਣੌਤੀ ਸੀ। ਇਸ ਮੈਦਾਨ 'ਤੇ ਰੈਲੀ ਦਾ ਪ੍ਰਬੰਧ ਕਰਨ ਲਈ ਬਾਕੀ ਪਾਰਟੀਆਂ ਨੂੰ ਕਦੇ-ਕਦਾਈਂ 6 ਮਹੀਨੇ ਪਹਿਲਾਂ ਤੋਂ ਯੋਜਨਾ ਬਣਾਉਣੀ ਪੈਂਦੀ ਸੀ। ਬੰਗਾਲ ਦੇ ਇਕ ਭਾਜਪਾ ਆਗੂ ਨੇ ਦੱਸਿਆ ਕਿ ਪੱਛਮ ਬੰਗਾਲ ਦੇ ਸਿਆਸੀ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੋਈ ਪਾਰਟੀ ਇੰਨੇ ਘੱਟ ਸਮੇਂ 'ਚ ਮੈਦਾਨ ਨੂੰ ਇੰਨੀ ਛੇਤੀ ਭਰਨ 'ਚ ਸਫ਼ਲ ਹੋਈ ਹੈ।