ਮੋਦੀ ਨੂੰ ਮਿਲਿਆ UAE ਦਾ ਸਰਵਉੱਚ ਨਾਗਰਿਕ ਸਨਮਾਨ
ਜਾਯੇਦ ਮੈਡਲ ਕਿਸੇ ਦੇਸ਼ ਦੇ ਮੁਖੀ ਨੂੰ ਦਿੱਤਾ ਜਾਣ ਵਾਲਾ ਸੱਭ ਤੋਂ ਵੱਡਾ ਸਨਮਾਨ
ਆਬੂ ਧਾਬੀ : ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜਾਯੇਦ ਅਲ ਨਹੇਯਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਯੇਦ ਮੈਡਲ ਨਾਲ ਸਨਮਾਨਤ ਕੀਤਾ। ਆਬੂ ਧਾਬੀ ਦੇ ਸ਼ਹਿਜ਼ਾਦੇ ਅਤੇ ਫ਼ੌਜ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜਾਯੇਦ ਨੇ ਬੁਧਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਜਾਯੇਦ ਮੈਡਲ ਕਿਸੇ ਦੇਸ਼ ਦੇ ਮੁਖੀ ਨੂੰ ਦਿੱਤਾ ਜਾਣ ਵਾਲਾ ਸੱਭ ਤੋਂ ਵੱਡਾ ਸਨਮਾਨ ਹੈ। ਮੋਦੀ ਨੇ ਨਹਯੇਨ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ 'ਚ ਸਾਡੇ ਰਿਸ਼ਤਿਆਂ ਨੂੰ ਨਵੀਂ ਉੱਚਾਈ ਮਿਲੇਗੀ।
ਮੋਦੀ ਨੂੰ ਇਹ ਸਨਮਾਨ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਸਿਆਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ ਹੈ। ਮੋਦੀ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2, ਸਾਊਦੀ ਅਰਬ ਦੇ ਕਿੰਗ ਸਲਮਾਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਇਹ ਸਨਮਾਨ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੂੰ ਇਸੇ ਸਾਲ ਫ਼ਰਵਰੀ 'ਚ ਦੱਖਣ ਕੋਰੀਆ ਦੇ ਸਿਓਲ ਸ਼ਾਂਤੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।
ਮੋਦੀ ਇਹ ਐਵਾਰਡ ਪਾਉਣ ਵਾਲੇ 14ਵੇਂ ਵਿਅਕਤੀ ਸਨ। 1988 'ਚ ਸਿਓਲ ਓਲੰਪਿਕ ਦੇ ਸਫ਼ਲ ਆਯੋਜਨ ਤੋਂ ਬਾਅਦ ਇਹ ਐਵਾਰਡ ਸ਼ੁਰੂ ਕੀਤਾ ਗਿਆ ਸੀ। ਮੋਦੀ ਨੇ ਐਵਾਰਡ 'ਚ ਮਿਲੀ 1.30 ਕਰੋੜ ਦੀ ਰਕਮ ਨੂੰ 'ਨਮਾਮੀ ਗੰਗੇ' ਪ੍ਰਾਜੈਕਟ ਲਈ ਦੇ ਦਿੱਤੀ ਸੀ। ਇਸ ਤੋਂ ਇਲਾਵਾ ਵਾਤਾਵਰਣ ਦੇ ਖੇਤਰ 'ਚ ਯੋਗਦਾਨ ਲਈ ਮੋਦੀ ਨੂੰ ਇਸੇ ਸਾਲ ਸੰਯੁਕਤ ਰਾਸ਼ਟਰ ਦਾ 'ਚੈਂਪੀਅਨ ਆਫ਼ ਦੀ ਅਰਥ' ਐਵਾਰਡ ਦਿੱਤਾ ਗਿਆ ਸੀ।