ਨੌਕਰੀਆਂ ਪੈਦਾ ਨਾ ਕਰ ਪਾਉਣ ਲਈ ਨਹਿਰੂ-ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ: ਸ਼ਿਵਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵਸੈਨਾ ਨੇ ਅਪਣੇ ਮੁੱਖ-ਪੱਤਰ ਵਿਚ ਕਿਹਾ ਕਿ ਕੁਝ ਸ਼ਬਦਾਂ ਦੇ ਖੇਡ ਜਾਂ ਵਿਗਿਆਪਨਾਂ ਨਾਲ ਵਧ ਰਹੀ ਬੇਰੁਜ਼ਗਾਰੀ ਦੇ ਮੁੱਦੇ ਦਾ ਹੱਲ ਨਹੀਂ ਹੋਣ ਵਾਲਾ ਹੈ।

Uddhav Thackeray

ਮੁੰਬਈ: ਕੇਂਦਰ ਵਿਚ ਫਿਰ ਤੋਂ ਭਾਜਪਾ ਦੀ ਸਰਕਾਰ ‘ਤੇ ਬੇਰੁਜ਼ਗਾਰੀ ਅਤੇ ਆਰਥਕ ਮੰਦੀ ਨੂੰ ਲੈ ਕੇ ਸੋਮਵਾਰ ਨੂੰ ਪਹਿਲੀ ਵਾਰ ਹਮਲਾ ਕਰਦੇ ਹੋਏ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਕਿਹਾ ਕਿ ਕੁਝ ਸ਼ਬਦਾਂ ਦੇ ਖੇਡ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ। ਸ਼ਿਵਸੈਨਾ ਨੇ ਅਪਣੇ ਮੁੱਖ-ਪੱਤਰ ਵਿਚ ਕਿਹਾ ਕਿ ਕੁਝ ਸ਼ਬਦਾਂ ਦੇ ਖੇਡ ਜਾਂ ਵਿਗਿਆਪਨਾਂ ਨਾਲ ਵਧ ਰਹੀ ਬੇਰੁਜ਼ਗਾਰੀ ਦੇ ਮੁੱਦੇ ਦਾ ਹੱਲ ਨਹੀਂ ਹੋਣ ਵਾਲਾ ਹੈ।

ਦੱਸ ਦਈਏ ਕਿ ਮੋਦੀ ਸਰਕਾਰ ਵਿਚ ਸ਼ਿਵਸੈਨਾ ਵੀ ਹਿੱਸੇਦਾਰ ਹੈ ਅਤੇ ਉਸ ਦੇ ਸਾਂਸਦ ਅਰਵਿੰਦ ਸਾਵਤ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਸ਼ਿਵਸੈਨਾ ਨੇ ਇਸ ਵਾਰ 18 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ ਅਤੇ ਐਨਡੀਏ ਵਿਚ ਭਾਜਪਾ ਤੋਂ ਬਾਅਦ ਇਹ ਸਭ ਤੋਂ ਵੱਡੀ ਪਾਰਟੀ ਹੈ। ਸ਼ਿਵਸੈਨਾ ਦੇ ਪ੍ਰਧਾਨ ਉਧਵ ਠਾਕਰੇ ਨੇ ਕਿਹਾ ਕਿ ਮੋਦੀ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ 10 ਕਰੋੜ ਨੌਕਰੀਆਂ ਮੁਹੱਇਆ ਕਰਵਾਉਣ ਦੇ ਵਾਅਦੇ ਵਿਚ ਅਸਫ਼ਲ ਰਹਿਣ ਲਈ ਕਾਂਗਰਸ ਦੇ ਸਾਬਕਾ ਮੰਤਰੀਆਂ ਜਵਾਹਰ ਲਾਲ ਨਹਿਰੂ ਜਾਂ ਇੰਦਰਾ ਗਾਂਧੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਸ਼ਿਵਸੈਨਾ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਅਧਿਕਾਰਕ ਅੰਕੜੇ ਜਾਰੀ ਹੋਣ ਤੋਂ ਬਾਅਦ ਆਇਆ ਹੈ, ਜਿਸ ਵਿਚ ਭਾਰਤ ਦੀ ਆਰਥਕ ਵਾਧਾ ਦਰ ਜਨਵਰੀ-ਮਾਰਚ 2018-19 ਵਿਚ ਪੰਜ ਸਾਲਾਂ ‘ਚ ਸਭ ਤੋਂ ਘੱਟ 5.8 ਫੀਸਦੀ ਦੱਸੀ ਗਈ। ਰਿਪੋਰਟ ਮੁਤਾਬਿਕ ਖੇਤੀਬਾੜੀ ਅਤੇ ਨਿਰਮਾਣ ਖੇਤਰ ਵਿਚ ਖ਼ਰਾਬ ਪ੍ਰਦਰਸ਼ਨ ਕਾਰਨ ਅਜਿਹਾ ਹੋਇਆ ਹੈ। ਕੇਂਦਰੀ ਅੰਕੜਾ ਅਫ਼ਸਰ (Central statistics officer) ਨੇ ਵੀ ਇਹ ਖੁਲਾਸਾ ਕੀਤਾ ਕਿ ਵਿਤੀ ਸਾਲ 2018-19 ਦੌਰਾਨ  ਜੀਡੀਪੀ ਦਰ 6.8 ਫੀਸਦੀ ਰਹੀ ਜਦਕਿ ਇਸ ਤੋਂ ਪਿਛਲੇ ਸਾਲ ਇਹ 7.2 ਫੀਸਦੀ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਯੋਜਨਾ ਦੀ ਸਥਿਤੀ ਵੀ ਠੀਕ ਨਹੀਂ ਰਹੀ ਹੈ।