ਸ਼ਰ੍ਹੇਆਮ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਸੇਵਾਮੁਕਤ ਥਾਣੇਦਾਰ, ਇਕ ਗ੍ਰਿਫ਼ਤਾਰ
ਸਥਾਨਕ ਸ਼ਿਵਕੁਟੀ ਥਾਣਾ ਖੇਤਰ ਵਿਚ ਪੈਂਦੇ ਤੇਲੀਅਰਗੰਜ ਦੇ ਸ਼ਿਲਾਖਾਨਾ ਵਿਚ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਖਾਂ ਨੂੰ ਲਾਠੀਆਂ ਅਤੇ ਲੋਹੇ ਦੀ ਰਾਡ ਨਾਲ ਕੁੱਟ...
ਇਲਾਹਾਬਾਦ : ਸਥਾਨਕ ਸ਼ਿਵਕੁਟੀ ਥਾਣਾ ਖੇਤਰ ਵਿਚ ਪੈਂਦੇ ਤੇਲੀਅਰਗੰਜ ਦੇ ਸ਼ਿਲਾਖਾਨਾ ਵਿਚ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਖਾਂ ਨੂੰ ਲਾਠੀਆਂ ਅਤੇ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਪੁਲਿਸ ਨੇ ਤਿੰਨ ਦੋਸ਼ੀਆਂ ਵਿਚੋਂ ਇਕ ਮੁਹੰਮਦ ਯੂਸਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਏਜੰਸੀ ਅਨੁਸਾਰ ਸੀਨੀਅਰ ਪੁਲਿਸ ਮੁਖੀ ਨਿਤਿਨ ਤਿਵਾੜੀ ਨੇ ਦਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ 10 ਲੋਕਾਂ ਦੇ ਵਿਰੁਧ ਐਫਆਈਆਰ ਦਰਜ ਕਰਵਾਈ ਹੈ।
ਘਟਨਾ ਸਥਾਨ ਦੇ ਕੋਲੋਂ ਮਿਲੀ ਸੀਸੀਟੀਵੀ ਫੁਟੇਜ਼ ਵਿਚ ਤਿੰਨ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ।
ਇਨ੍ਹਾਂ ਵਿਚੋਂ ਇਕ ਹਮਲਾਵਰ ਮੁਹੰਮਦ ਯੂਸਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਰਨਲ ਗੰਜ ਥਾਦੇ ਦੇ ਖੇਤਰ ਅਧਿਕਾਰੀ ਅਲੋਕ ਮਿਸ਼ਰਾ ਨੇ ਦਸਿਆ ਕਿ ਬਾਕੀ ਦੋ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਦੋਸ਼ੀਆਂ ਵਿਚ ਹਿਸਟਰੀਸ਼ੀਟਰ ਜੂਨੈਦ ਕਮਾਲ ਦੇ ਬੇਟੇ ਸ਼ੇਬੂ ਅਤੇ ਯੂਸਫ਼ ਅਤੇ ਇਕ ਰਿਸ਼ਤੇਦਾਰ ਇਬਨੇ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਮ੍ਰਿਤਕ ਦਾ ਜੁਨੈਦ ਕਮਾਲ ਦੇ ਪਰਵਾਰ ਨਾਲ ਪਿਛਲੇ 20-30 ਸਾਲ ਤੋਂ ਜ਼ਮੀਨ ਦਾ ਮੁਕੱਦਮਾ ਚੱਲ ਰਿਹਾ ਹੈ। ਦੋਵੇਂ ਪੱਖ ਆਪਸ ਵਿਚ ਰਿਸ਼ਤੇਦਾਰ ਹਨ।
ਕੁੱਝ ਕਹਾਸੁਣੀ ਹੋਣ ਤੋਂ ਬਾਅਦ ਸਵੇਰੇ ਕਰੀਬ ਦਸ ਵਜੇ ਜਦੋਂ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਅਪਣੇ ਘਰ ਤੋਂ ਕਿਤੇ ਜਾ ਰਿਹਾ ਸੀ ਤਾਂ ਜੁਨੈਦ ਦੇ ਬੇਟੇ ਸ਼ੇਬੂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਬਾਅਦ ਵਿਚ ਇਸ ਹਮਲੇ ਵਿਚ ਯੂਸਫ਼ ਅਤੇ ਇਬਨੇ ਵੀ ਸ਼ਾਮਲ ਹੋ ਗਏ। ਅਬਦੁਲ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਸੀਸੀਟੀਵੀ ਫੁਟੇਜ ਵਿਚ ਤੇਲੀਅਰਗੰਜ ਸ਼ਿਲਾਖ਼ਾਨਾ ਵਿਖੇ ਅਬਦੁਲ ਦੀ ਦੁਕਾਨ ਦੇ ਸਾਹਮਣੇ ਕਰੀਬ 9:45 ਵਜੇ ਸੇਵਾਮੁਕਤ ਥਾਣੇਦਾਰ ਅਬਦੁਲ ਸਮਦ ਖ਼ਾਂ ਸਾਇਕਲ 'ਤੇ ਘਰ ਤੋਂ ਨਿਕਲਿਆ ਸੀ।
ਅਬਦੁਲ ਦੀ ਦੁਕਾਨ ਦੇ ਨੇੜੇ ਹੀ ਅਚਾਨਕ ਜੁਨੈਦ ਦਾ ਬੇਟਾ ਸ਼ੇਬੂ ਪਹੁੰਚਿਆ। ਸ਼ੇਬੂ ਨੇ ਡੰਡੇ ਨਾਲ ਅਬਦੁਲ 'ਤੇ ਪਿਛੇ ਤੋਂ ਹਮਲਾ ਕਰ ਦਿਤਾ। ਇਕ ਤੋਂ ਬਾਅਦ ਇਕ ਉਸ ਨੇ ਤਿੰਨ ਵਾਰ ਕੀਤੇ, ਜਿਸ ਨਾਲ ਅਬਦੁਲ ਸਾਈਕਲ ਤੋਂ ਡਿਗ ਗਿਆ। ਇਸ ਤੋਂ ਬਾਅਦ 11 ਵਾਰ ਕੀਤੇ। ਉਸੇ ਸਮੇਂ ਉਸ ਦਾ ਭਰਾ ਰਾਜ਼ਿਕ ਅਤੇ ਰਿਸ਼ਤੇਦਾਰ ਇਬਨੇ ਪਹੁੰਚਿਆ। ਦੋਵਾਂ ਦੇ ਹੱਥਾਂ ਵਿਚ ਡੰਡੇ ਅਤੇ ਰਾਡਾਂ ਸਨ। ਹੁਣ ਤਿੰਨਾਂ ਨੇ ਅਬਦੁਲ 'ਤੇ ਹਮਲਾ ਕਰ ਦਿਤਾ। ਲਗਾਤਾਰ 20 ਵਾਰ ਕੀਤੇ, ਜਿਸ ਨਾਲ ਅਬਦੁਲ ਸੜਕ 'ਤੇ ਡਿਗ ਗਿਆ।
ਇਸ ਮਾਰਕੁੱਟ ਨੂੰ ਰਾਹਗੀਰ ਦੇਖਦੇ ਰਹੇ ਪਰ ਕਿਸੇ ਨੇ ਵਿਚ ਪੈ ਕੇ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤਿੰਨਾਂ ਵਲੋਂ 90 ਸਕਿੰਟ ਵਿਚ ਅਬਦੁਲ 'ਤੇ 49 ਵਾਰ ਕੀਤੇ ਗਏ, ਜਿਸ ਨਾਲ ਉਥੇ ਖੂਨ ਹੀ ਖ਼ੂਨ ਹੋ ਗਿਆ।