84 ਕਤਲੇਆਮ : ਸੱਜਣ ਕੁਮਾਰ ਦੀ ਜਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ ਕਰੇਗੀ ਵਿਚਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਤਲੇਆਮ ਦੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜਾ ਭੁਗਤ ਰਿਹੈ ਸੱਜਣ ਕੁਮਾਰ

sajjan Kumar

ਨਵੀਂ ਦਿੱਲੀ : 1984 ਵਿਚ ਹੋਏ ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਦੋਸ਼ੀ ਸੱਜਣ ਕੁਮਾਰ ਨੇ ਸੁਪਰੀਮ ਕੋਰਟ ਵਿਚ ਤੁਰੰਤ ਸੁਣਵਾਈ ਲਈ ਜ਼ਮਾਨਤ ਅਰਜ਼ੀ ਦਾਖਲ ਕੀਤੀ ਹੈ। ਉਨ੍ਹਾਂ ਦੀ ਅਰਜੀ 'ਤੇ ਅਦਾਲਤ ਦਾ ਕਹਿਣਾ ਹੈ ਕਿ ਉਹ ਇਸ ਨੂੰ ਸਵੀਕਾਰ ਕਰਨ 'ਤੇ ਵਿਚਾਰ ਕਰੇਗੀ। ਸੱਜਣ ਕੁਮਾਰ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ।  ਚੀਫ਼ ਜਸਟੀਸ ਰੰਜਨ ਗਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ  ਵਕੀਲ ਸ਼ੇਖਰ ਨਫਾੜੇ ਦੀ ਉਸ ਗੱਲ ਦਾ ਨੋਟਿਸ ਲਿਆ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਸੱਜਣ ਕੁਮਾਰ ਦੀ ਜਮਾਨਤ ਅਰਜੀ 'ਤੇ ਤੁਰੰਤ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ।

ਸੱਜਣ ਕੁਮਾਰ ਦੇ ਵਕੀਲ ਨੇ ਜ਼ਮਾਨਤ ਦੀ ਅਰਜੀ ‘ਤੇ ਸੁਣਵਾਈ ਦੇ ਲਈ ਤੇਜ਼ ਸੂਚੀਬੱਧ ਕਰਨ ਦੀ ਬੇਨਤੀ ਕੀਤੀ ਤਾਂ ਬੈਂਚ ਨੇ ਕਿਹਾ ਕਿ 'ਅਸੀ ਇਸ ਉੱਤੇ ਗੌਰ ਕਰਾਂਗੇ'। ਸੱਜਣ ਕੁਮਾਰ ਨੇ ਸਿੱਖ ਕਤਲੇਆਮ 'ਚ ਸਬੰਧਤ ਇਕ ਮਾਮਲੇ ਵਿਚ ਉਮਰ ਕੈਦ ਦੀ ਸਜਾ ਸੁਣਾਉਣ ਦੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚਣੌਤੀ ਦਿੱਤੀ ਹੋਈ ਹੈ।

ਸੱਜਣ ਕੁਮਾਰ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਅਪੀਲ ਬਾਕੀ ਰਹਿਣ ਦੇ ਦੌਰਾਨ ਉਸ ਨੂੰ ਜ਼ਮਾਨਤ ਦਿੱਤੀ ਜਾਵੇ।  ਹਾਈ ਕੋਰਟ ਵਿਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਵੇਲੇ ਉਹ ਜੇਲ ‘ਚ ਹੈ। ਸੱਜਣ ਕੁਮਾਰ ਨੂੰ 1984 ਵਿਚ ਇਕ-ਦੋ ਨਵੰਬਰ ਨੂੰ ਹੋਏ ਦੱਖਣ-ਪੱਛਮ ਦਿੱਲੀ 'ਚ ਰਾਜ ਨਗਰ-1 ਵਿਚ ਪੰਜ ਸਿੱਖਾਂ ਦੀ ਹੱਤਿਆ ਅਤੇ ਰਾਜਨਗਰ-2 ਵਿਚ ਇਕ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ।