ਰਾਕੇਸ਼ ਟਿਕੈਤ ਦੀ ਰਾਜਨੀਤਕ ਆਗੂਆਂ ਨੂੰ ਦੋ ਟੁੱਕ, ਇਹ ਕਿਸਾਨੀ ਦਾ ਅੰਦੋਲਨ ਹੈ, ਰਾਜਨੀਤੀ ਦਾ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ...

Rakesh Tikait

ਨਵੀਂ ਦਿੱਲੀ (ਸੈਸ਼ਵ ਨਾਗਰਾ): ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ ਚੱਕਾ ਜਾਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਉਤਰ-ਪ੍ਰਦੇਸ਼ ਅਤੇ ਉਤਰਾਖੰਡ ਸਿਰਫ਼ 2 ਰਾਜਾਂ ਵਿਚ ਚੱਕਾ ਜਾਮ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ 2 ਰਾਜਾਂ ਤੇ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ਵਿਚ ਚੱਕਾ ਜਾਮ ਹੋਵੇਗਾ। ਰਾਕੇਸ਼ ਟਿਕੈਤ ਵੱਲੋਂ ਗਾਜ਼ੀਪੁਰ ਬਾਰਡਰ ਉਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਸ ਦੌਰਾਨ ਟਿਕੈਤ ਦੀ ਵਧਦੀ ਸ਼ਕਤੀ ਨੂੰ ਦੇਖਕੇ ਅਤੇ ਅੰਦੋਲਨ ਨੂੰ ਮਜ਼ਬੂਤ ਹੁੰਦਿਆ ਦੇਖ ਸਿਆਸੀ ਪਾਰਟੀਆਂ ਇੱਥੇ ਆਉਣਾ ਸ਼ੁਰੂ ਹੋ ਗਿਆ ਹੈ, ਟਿਕੈਤ ਨੇ ਕਿਹਾ ਕਿ ਜਦੋਂ ਕੋਈ ਸਰਕਾਰ ਦੇਸ਼ ਦੇ ਲੋਕਾਂ ਉਤੇ ਜਾਬਰ-ਜੁਲਮ ਕਰੇ ਤਾਂ ਵਿਰੋਧੀ ਧਿਰਾਂ ਦਾ ਉਨ੍ਹਾਂ ‘ਤੇ ਦਬਾਅ ਪਾਉਣਾ ਬਣਿਆ ਰਹਿੰਦਾ ਹੈ ਤੇ ਲੋਕਾਂ ਦੇ ਹੱਕ ਵਿਚ ਖੜ੍ਹਨਾ ਇਹ ਬਹੁਤ ਵਧੀਆ ਗੱਲ ਹੈ।

ਟਿਕੈਤ ਨੇ ਕਿਹਾ ਕਿ ਇਸ ਅੰਦੋਲਨ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ, ਨਾ ਕੋਈ ਸਿਆਸੀ ਆਗੂ ਸਾਡੇ ਮੰਚ ਉਤੇ ਆਉਂਦੈ ਤੇ ਨਾ ਹੀ ਉਸਨੂੰ ਮਾਇਕ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਅਡੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਹੈ, ਕਿਉਂਕਿ ਦਿੱਲੀ ਦੀਆਂ ਬਰੂਹਾਂ ਉਤੇ ਕਿਸਾਨ ਅੰਦੋਲਨ ਨੂੰ ਚਲਦਿਆਂ ਲਗਾਤਾਰ 2 ਮਹੀਨੇ ਤੋਂ ਉਤੇ ਹੋ ਗਏ ਹਨ।

ਪਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ, ਇਸਦੇ ਨਾਲ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਨੂੰ ਸਰਕਾਰ ਵੱਲੋਂ ਲੰਮੇ ਸਮੇਂ ਲਈ ਖਿਚਿਆ ਜਾ ਰਿਹਾ ਪਰ ਜਦੋਂ ਤੱਕ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰੇਗੀ ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ ਚਾਹੇ ਸਾਨੂੰ ਅੰਦੋਲਨ ਨੂੰ ਅਕਤੂਬਰ ਤੱਕ ਕਿਉਂ ਨਾ ਚਲਾਣਾ ਪਏ।

ਅੱਗੇ ਉਨ੍ਹਾਂ ਕਿਹਾ ਕਿ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਇੱਥੇ ਗਰੀਬਾਂ ਦੀ ਰੋਟੀ, ਕਿਸਾਨਾਂ ਦੀ ਰੋਟੀ ਦਾ ਸਵਾਲ ਹੈ, ਸਾਡੀ ਰੋਟੀ ਕੋਈ ਬੰਦ ਨਾ ਕਰ ਦਏ ਇਹ ਸਿਰਫ਼ ਰੋਟੀ ਦਾ ਹੀ ਅੰਦੋਲਨ ਹੈ। ਟਿਕੈਤ ਨੇ ਕਿਹਾ ਕਿ ਇਹ ਰਾਜਨੀਤੀ ਏਜੰਡਾ ਨਹੀਂ ਹੈ, ਰਾਜਨੀਤੀ ਪਾਰਟੀਆਂ ਆਪਣੇ ਵੋਟ ਬੈਂਕ ਲਈ ਇਸ ਅੰਦੋਲਨ ਤੋਂ ਦੂਰ ਰਹਿਣ ਕਿਉਂਕਿ ਇਹ ਸਿਰਫ਼ ਕਿਸਾਨੀ ਦੇ ਹੱਕਾਂ ਦਾ ਅੰਦੋਲਨ ਹੈ।