ਰਾਫ਼ੇਲ ਸੌਦੇ ਵਿਚ ਕੋਈ ਘੁਟਾਲਾ ਨਹੀਂ ਹੋਇਆ : ਰਖਿਆ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਰਮਜ਼ਾਨ ਦੇ ਮਹੀਨੇ...

Sitaraman

ਨਵੀਂ ਦਿੱਲੀ,  ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਰਮਜ਼ਾਨ ਦੇ ਮਹੀਨੇ ਦੌਰਾਨ ਗੋਲੀਬੰਦੀ ਦੀ ਸਮੀਖਿਆ ਕਰਨਾ ਨਹੀਂ ਹੈ। ਉਨ੍ਹਾਂ ਦਾ ਕੰਮ ਸਰਹੱਦ ਦੀ ਸੁਰੱਖਿਆ ਕਰਨਾ ਹੈ। ਕੋਈ ਵੀ ਬੇਵਜ੍ਹਾ ਜੰਗਬੰਦੀ ਦੀ ਉਲੰਘਣ ਕਰੇਗਾ ਤਾਂ ਉਸ ਦਾ ਜਵਾਬ ਦਿਤਾ ਜਾਵੇਗਾ। 

ਜਦ ਪਾਕਿਸਤਾਨ ਨਾਲ ਗੱਲਬਾਤ ਬਾਰੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਅਤੇ ਇਹੀ ਸਾਡੀ ਸਰਕਾਰ ਦਾ ਰੁਖ਼ ਹੈ। ਰਾਫ਼ੇਲ ਡੀਲ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਸਾਰੇ ਦੋਸ਼ ਬੇਬੁਨਿਆਦ ਹਨ।  ਇਸ ਸੌਦੇ ਵਿਚ ਇਕ ਪੈਸੇ ਦਾ ਵੀ ਘਪਲਾ ਨਹੀਂ ਹੋਇਆ। ਇਹ ਦੋ ਸਰਕਾਰਾਂ ਦਾ ਐਗਰੀਮੈਂਟ ਹੈ। 

ਉਨ੍ਹਾਂ ਕਿਹਾ ਕਿ ਰਾਫ਼ੇਲ ਜਹਾਜ਼ ਦੀ ਕੀਮਤ ਬਾਰੇ ਗ਼ਲਤ ਤੁਲਨਾ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਦੱਸ ਦਿਤਾ ਗਿਆ ਹੈ ਕਿ ਭਾਰਤ-ਰੂਸ ਵਿਚਕਾਰ ਰਖਿਆ ਸਬੰਧ ਬਹੁਤ ਪੁਰਾਣੇ ਹਨ। ਸੀਏਏਟੀਐਸਏ ਪਾਬੰਦੀ ਇਸ 'ਤੇ ਅਸਰ ਨਹੀਂ ਪਾ ਸਕਦੀ। ਰਖਿਆ ਮੰਤਰੀ ਨੇ ਕਿਹਾ ਕਿ ਫ਼ਿਲਹਾਲ ਫ਼ੌਜ ਕੋਲ ਹਥਿਆਰਾਂ ਦੀ ਅਤੇ ਫ਼ੰਡ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅੰਕੜੇ ਵੀ ਜਾਰੀ ਕੀਤੇ।  

ਰਖਿਆ ਮੰਤਰੀ ਨੇ ਕਿਹਾ, ' ਗ੍ਰਹਿ ਮੰਤਰਾਲਾ ਨੇ ਫ਼ੌਜ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜੰਮੂ ਕਸ਼ਮੀਰ ਵਿਚ ਰਮਜ਼ਾਨ ਦੌਰਾਨ ਗੋਲੀਬੰਦੀ ਲਾਗੂ ਕੀਤੀ ਸੀ। ਅਸੀਂ ਇਸ ਫ਼ੈਸਲੇ ਦਾ ਸਨਮਾਨ ਕਰਦੇ ਹਾਂ ਪਰ ਫ਼ੌਜ ਕੋਲ ਹੁਣ ਵੀ ਜਵਾਬੀ ਕਾਰਵਾਈ ਕਰਨ ਦਾ ਬਦਲ ਹੈ। ਜੇ ਫ਼ੌਜ ਨੂੰ ਉਕਸਾਇਆ ਗਿਆ ਤਾਂ ਮੂੰਹ-ਤੋੜ ਜਵਾਬ ਦੇਵਾਂਗੇ।' (ਏਜੰਸੀ)