ਤੇਲ ਦੀਆਂ ਕੀਮਤਾਂ ਵਧਣ ਨਾਲ ਸੂਬਿਆਂ ਨੂੰ ਹੁੰਦਾ ਹੈ ਫ਼ਾਇਦਾ : ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿਨੋ-ਦਿਨ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਰੀਕਾਰਡਤੋੜ ਵਾਧੇ 'ਤੇ ਭਾਜਪਾ ਨੇ ਅਪਣਾ ਪੱਖ ਰਖਿਆ ਹੈ..............

Nalin Kohli

ਨਵੀਂ ਦਿੱਲੀ: ਦਿਨੋ-ਦਿਨ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਰੀਕਾਰਡਤੋੜ ਵਾਧੇ 'ਤੇ ਭਾਜਪਾ ਨੇ ਅਪਣਾ ਪੱਖ ਰਖਿਆ ਹੈ। ਭਾਜਪਾ ਦੇ ਬੁਲਾਰੇ ਨਲਿਨ ਕੋਹਲੀ ਨੇ ਇਕ ਬਿਆਨ 'ਚ ਕਿਹਾ ਕਿ ਜਦੋਂ ਵੀ ਪਟਰੌਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ ਤਾਂ ਸੂਬਿਆਂ ਨੂੰ ਇਸ ਦਾ ਫ਼ਾਇਦਾ ਹੁੰਦਾ ਹੈ। ਕੋਹਲੀ ਨੇ ਇਹ ਵੀ ਕਿਹਾ ਕਿ ਇਹ ਪਟਰੌਲੀਅਮ ਨੂੰ ਜੀਐਸਟੀ 'ਚ ਸ਼ਾਮਲ ਕਰਨ ਦੀ ਬਹਿਸ ਦਾ ਸਹੀ ਸਮਾਂ ਹੈ।

ਉਨ੍ਹਾਂ ਕਿਹਾ ਕਿ ਵਿੱਤ ਕਮਿਸ਼ਨ ਮੁਤਾਬਕ 42 ਫ਼ੀ ਸਦੀ ਉਤਪਾਦ ਟੈਕਸ ਕੇਂਦਰ ਕੋਲ ਆਉਂਦਾ ਹੈ। ਇਹ ਵਾਪਸ ਸੂਬਿਆਂ ਨੂੰ ਵੀ ਜਾਂਦਾ ਹੈ ਅਤੇ ਹਰੇਕ ਨਾਗਰਿਕ ਦੇ ਵਰਤੋਂ 'ਚ ਖ਼ਰਚ ਕੀਤਾ ਜਾਂਦਾ ਹੈ। ਜੇਕਰ ਸੂਬੇ ਇਸ ਬਾਰੇ ਵਿਚਾਰ ਕਰਨ ਤਾਂ ਪਟਰੌਲੀਅਮ ਉਤਪਾਦਾਂ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਉਣ 'ਤੇ ਚਰਚਾ ਕਰਨ ਲਈ ਚੰਗਾ ਸਮਾਂ ਹੈ। ਨਾਲ ਹੀ ਕੋਹਲੀ ਨੇ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਸੂਬਿਆਂ ਦੇ ਹਿੱਤ 'ਚ ਹਨ।

ਪਟਰੌਲੀਅਮ ਉਤਪਾਦਾਂ 'ਚ ਵਾਧੇ ਦਾ ਕਾਰਨ ਸੱਭ ਨੂੰ ਪਤਾ ਹੈ। ਡਾਲਰ ਦੀ ਮਜਬੂਤੀ ਅਤੇ ਰੁਪਏ ਦੀਆਂ ਕੀਮਤਾਂ 'ਚ ਗਿਰਾਵਟ ਸਿਰਫ ਇਕਲੌਤਾ ਕਾਰਨ ਨਹੀਂ ਹੈ। ਇਸ ਦੇ ਕਈ ਬਾਹਰੀ ਕਾਰਨ ਵੀ ਹਨ। ਇਹ ਚੰਗਾ ਮੌਕਾ ਹੈ ਕਿ ਜਦੋਂ ਕੀਮਤਾਂ ਉਪਰ ਜਾ ਰਹੀਆਂ ਹਨ ਤਾਂ ਸੂਬੇ ਵੈਟ, ਸੇਲਜ਼ ਟੈਕਸ ਅਤੇ ਵੱਖ-ਵੱਖ ਟੈਕਸਾਂ ਰਾਹੀਂ ਵਸੂਲੀ ਕਰ ਰਹੇ ਹਨ। ਨਤੀਜਨ ਜਦੋਂ ਕੀਮਤਾਂ ਉਪਰ ਹੁੰਦੀਆਂ ਹਨ ਤਾਂ ਸੂਬਿਆਂ ਨੂੰ ਫ਼ਾਇਦਾ ਹੁੰਦਾ ਹੈ।   (ਏਜੰਸੀ)