ਖੁੱਲ ਰਿਹਾ ਹੈ ਭਾਰਤ ਵਿਚ ਪਹਿਲਾ ਟਰਾਂਸਜੈਂਡਰ ਔਰਤਾਂ ਦੀ ਮਲਕੀਅਤ ਵਾਲਾ ਹੋਟਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਟਰਾਂਸਜੈਂਡਰ ਔਰਤਾਂ ਦਾ ਇਕ ਸਮੂਹ ਅਪਣਾ ਸੁਪਨਾ ਪੂਰਾ ਕਰਨ ਲਈ ਕੇਰਲ ਵਿਚ ਇਕ ਹੋਟਲ ਖੋਲਣ ਜਾ ਰਿਹਾ ਹੈ।

Transgender women

ਕੇਰਲ: ਭਾਰਤ ਵਿਚ ਟਰਾਂਸਜੈਂਡਰ ਔਰਤਾਂ ਦਾ ਇਕ ਸਮੂਹ ਅਪਣਾ ਸੁਪਨਾ ਪੂਰਾ ਕਰਨ ਲਈ ਕੇਰਲ ਵਿਚ ਇਕ ਹੋਟਲ ਖੋਲਣ ਜਾ ਰਿਹਾ ਹੈ। ਇਹਨਾਂ ਔਰਤਾਂ ਨੇ ਦੱਖਣੀ ਪੂਰਬ ਭਾਰਤ ਦੇ ਸੂਬੇ ਕੋਚੀ ਦੀ ਰਾਜਧਾਨੀ ਵਿਚ ਰੁਚੀਮੁਦਰਾ ਨਾਂਅ ਦਾ ਇਕ ਹੋਟਲ ਖੋਲਣ ਦੀ ਯੋਜਨਾ ਬਣਾਈ ਹੈ। ਅਦਿਤੀ ਅਚੂਤ, ਸਾਇਆ ਮੈਥਿਊ, ਪ੍ਰੀਤੀ ਅਲੈਕਜ਼ੇਂਡਰ, ਪ੍ਰਾਨਵ, ਰਾਗਰ ਆਂਜਨੀ ਅਤੇ ਮੀਨਾਕਸ਼ੀ ਨੂੰ ਇਸ ਹੋਟਲ ਦੀ ਸਥਾਪਨਾ ਲਈ ਸਥਾਨਕ ਸਰਕਾਰ ਕੋਲੋਂ 14,320 ਡਾਲਰ ਦੀ ਵਿੱਤੀ ਸਹਾਇਤਾ ਵੀ ਮਿਲੀ।

ਇਹਨਾਂ ਛੇ ਔਰਤਾਂ ਨੇ ਕੇਰਲਾ ਵਿਚ ਟਰਾਂਸਜੈਂਡਰਾਂ ਪ੍ਰਤੀ ਲੋਕਾਂ ਦੀ ਸਕਾਰਾਤਮਕ ਸੋਚ ਵਿਚ ਵਾਧਾ ਕਰਨ ਲਈ ਅਪਣਾ ਖੁਦ ਦਾ ਵਪਾਰ ਸ਼ੁਰੂ ਕਰਨ ਦਾ ਫੈਸਲਾ ਲਿਆ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਰੁਚੀਮੁਦਰਾ ਨੂੰ ਖੋਲਣ ਦਾ ਮੁੱਖ ਮਕਸਦ ਟਰਾਂਸਜੈਂਡਰਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਵਿਚ ਬਦਲਾਅ ਲਿਆਉਣਾ ਹੈ। ਸਰਕਾਰੀ ਫੰਡ ਦੇ ਨਾਲ ਨਾਲ ਇਹਨਾਂ ਔਰਤਾਂ ਨੂੰ ਹੋਰਨਾਂ ਸੰਸਥਾਵਾਂ ਵੱਲੋਂ ਵੀ ਸਹਾਇਤਾ ਮਿਲੀ ਹੈ। ਪਰ ਇਸ ਫੰਡ ਨਾਲ ਸਿਰਫ ਚਾਰ ਮੰਜ਼ਿਲਾ ਇਮਾਰਤ ਨੂੰ ਬਨਾਉਣ ਦਾ ਖਰਚ ਹੀ ਪੂਰਾ ਹੋਇਆ ਹੈ। ਇਸ ਲਈ ਔਰਤਾਂ ਨੇ ਪੈਸੇ ਬਚਾਉਣ ਲਈ ਆਪ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਹ ਇਮਾਰਤ ਟਰਾਂਸਜੈਂਡਰ ਲੋਕਾਂ ਲਈ ਹੋਟਲ ਦੇ ਨਾਲ ਨਾਲ ਹੋਰ ਸਹੂਲਤਾਂ ਦਾ ਵੀ ਨਿਰਮਾਣ ਕਰੇਗੀ, ਜਿਵੇਂ ਆਸ਼ਰਮ ਅਤੇ ਸਰਾਂ ਆਦਿ। 2017 ਵਿਚ ਕੇਰਲ ਦੀ ਸੂਬਾ ਸਰਕਾਰ ਨੇ ਟਰਾਂਸਜੈਂਡਰ ਲੋਕਾਂ ਲਈ ਨਵੀਂ ਕੋਚੀ ਮੈਟਰੋ ਸਰਵਿਸ ਵੀ ਸ਼ੁਰੂ ਕੀਤੀ ਸੀ। ਉਸੇ ਸਾਲ ਸਰਕਾਰ ਨੇ ਇਸ ਭਾਈਚਾਰੇ ਲਈ ਆਵਾਜ ਯੋਜਨਾ ਵੀ ਲਾਂਚ ਕੀਤੀ ਸੀ। ਇਹਨਾਂ ਸਹੂਲਤਾਂ ਦੇ ਬਾਵਜੂਦ ਅੱਜ ਵੀ ਟਰਾਂਸਜੈਂਡਰ ਭਾਈਚਾਰਾ ਹਿੰਸਾ ਅਤੇ ਭੇਦਭਾਵ ਦਾ ਸ਼ਿਕਾਰ ਹੋ ਰਿਹਾ ਹੈ। LGBTQ ਵਿਦਿਆਰਥੀਆਂ ਵਿਚ ਸਕੂਲ ਛੱਡਣ ਦਾ ਰੁਝਾਨ ਵੀ ਜ਼ਿਆਦਾ ਹੈ। 2017 ਦੇ ਇਕ ਸਰਵੇਖਣ ਅਨੁਸਾਰ 70 ਫੀਸਦੀ LGBT ਹਾਈ ਸਕੂਲ ਦੇ ਵਿਦਿਆਰਥੀ ਭੇਦਭਾਵ, ਛੇੜਛਾੜ ਅਤੇ ਹੋਰ ਕਈ ਕਾਰਨਾਂ ਕਰਕੇ ਸਕੂਲ ਛੱਡ ਦਿੰਦੇ ਹਨ।