ਪਾਕਿਸਤਾਨੀ ਲੋਕਾਂ ਲਈ ਮਸੀਹਾ ਬਣੇ ਜੋਗਿੰਦਰ ਸਿੰਘ ਸਲਾਰੀਆ
ਪਾਕਿ ਦੇ ਬੇਹੱਦ ਗ਼ਰੀਬ ਖੇਤਰ 'ਚ ਲਗਵਾਏ 62 ਨਲਕੇ
ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਪੈਦਾ ਹੋਇਆ ਤਣਾਅ ਜਦੋਂ ਅਪਣੇ ਪੂਰੇ ਸ਼ਿਖਰ 'ਤੇ ਸੀ ਤਾਂ ਦੁਬਈ ਦੇ ਇਕ ਭਾਰਤੀ ਕਾਰੋਬਾਰੀ ਜੋਗਿੰਦਰ ਸਿੰਘ ਸਲਾਰੀਆ ਪਾਕਿਸਤਾਨ ਦੇ ਅਤਿ ਗ਼ਰੀਬ ਖੇਤਰਾਂ ਵਿਚ ਨਲਕੇ ਲਗਵਾ ਕੇ ਮਨੁੱਖਤਾ ਦੀ ਮਿਸਾਲ ਕਾਇਮ ਰਹੇ ਸਨ। ਇਸ ਪੰਜਾਬੀ ਤੋਂ ਪਾਕਿਸਤਾਨ ਦੇ ਇਨ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਤਰਸਯੋਗ ਹਾਲਤ ਦੇਖੀ ਨਹੀਂ ਗਈ ਅਤੇ ਉਨ੍ਹਾਂ ਨੇ ਇਸ ਅਤਿ ਗ਼ਰੀਬ ਇਲਾਕੇ ਵਿਚ ਇਨ੍ਹਾਂ ਗ਼ਰੀਬ ਲੋਕਾਂ ਲਈ 62 ਨਲਕੇ ਲਗਵਾ ਦਿੱਤੇ।
ਇਸ ਸਮੇਂ ਜੋਗਿੰਦਰ ਸਿੰਘ ਸਲਾਰੀਆ ਪਾਕਿਸਤਾਨ ਦੇ ਦੱਖਣ ਪੂਰਬੀ ਸਿੰਧ ਸੂਬੇ ਦੇ ਬੇਹੱਦ ਗ਼ਰੀਬ ਇਲਾਕੇ ਦੇ ਲੋਕਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਕਿਉਂਕਿ ਇਨ੍ਹਾਂ ਲੋਕਾਂ ਨੂੰ ਪਾਣੀ ਲਈ ਕਈ-ਕਈ ਕਿਲੋਮੀਟਰ ਦੂਰ ਤੱਕ ਜਾਣਾ ਪੈਂਦਾ ਸੀ। ਸਲਾਰੀਆ ਨੇ ਫੇਸਬੁੱਕ ਅਤੇ ਯੂ ਟਿਊਬ ਜ਼ਰੀਏ ਪਾਕਿਸਤਾਨ ਦੇ ਸਮਾਜ ਸੇਵੀਆਂ ਨਾਲ ਸੰਪਰਕ ਕੀਤਾ ਅਤੇ ਇਸ ਪੂਰੇ ਕਾਰਜ ਲਈ ਮਾਲੀ ਇਮਦਾਦ ਮੁਹੱਈਆ ਕਰਵਾਈ।
ਜੋਗਿੰਦਰ ਸਿੰਘ ਸਲਾਰੀਆ 'ਪਹਿਲ ਚੈਰੀਟੇਬਲ ਟਰੱਸਟ' ਨਾਂਅ ਦੀ ਸੰਸਥਾ ਚਲਾਉਂਦੇ ਹਨ ਜੋ ਵਿਸ਼ਵ ਭਰ ਵਿਚ ਦੀਨ ਦੁਖੀਆਂ ਦੀ ਮਦਦ ਕਰਦੀ ਹੈ। ਸਲਾਰੀਆ ਦੀ ਸੰਸਥਾ ਨੇ ਪਾਕਿਸਤਾਨ ਸਥਿਤ ਇਨ੍ਹਾਂ ਗ਼ਰੀਬ ਲੋਕਾਂ ਨੂੰ ਅਨਾਜ ਦੀਆਂ ਬੋਰੀਆਂ ਵੀ ਮੁਹੱਈਆ ਕਰਵਾਈਆਂ। ਦੱਸ ਦਈਏ ਕਿ ਜੋਗਿੰਦਰ ਸਿੰਘ ਸਲਾਰੀਆ 1993 ਤੋਂ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਹਨ ਅਤੇ ਇੱਥੇ ਉਨ੍ਹਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ।