ਵਿਸ਼ਵ ਕੱਪ 2019 : ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

'ਪਲੇਅਰ ਆਫ਼ ਦੀ ਮੈਚ' ਦਾ ਖ਼ਿਤਾਬ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਸਾਨੇ ਥਾਮਸ ਨੂੰ ਦਿੱਤਾ ਗਿਆ

World Cup 2019: West Indies beat Pakistan by 7 wickets

ਨੋਟਿੰਘਮ : ਆਈਸੀਸੀ ਵਿਸ਼ਵ ਕੱਪ 2019 ਦੇ ਦੂਜੇ ਮੈਚ 'ਚ ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਅਤੇ ਸਿਰਫ਼ 105 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ 'ਚ ਵੈਸਟਇੰਡੀਜ਼ ਟੀਮ ਨੇ 13.4 ਓਵਰਾਂ 'ਚ ਹੀ 3 ਵਿਕਟਾਂ ਗੁਆ ਕੇ 108 ਦੌੜਾਂ ਬਣਾ ਲਈਆਂ। ਵੈਸਟਇੰਡੀਜ਼ ਵੱਲੋਂ ਕ੍ਰਿਸ ਗੇਲ ਨੇ 34 ਗੇਂਦਾਂ 'ਚ 50 ਅਤੇ ਨਿਕੋਲਸ ਪੂਰਨ ਨੇ ਅਜੇਤੂ 34 ਦੌੜਾਂ ਬਣਾਈਆਂ। 

ਵਿਸ਼ਵ ਕੱਪ 'ਚ ਪਾਕਿਸਤਾਨ ਦਾ ਇਹ ਦੂਜਾ ਸੱਭ ਤੋਂ ਘੱਟ ਸਕੋਰ ਹੈ। ਪਾਕਿਸਤਾਨ ਦੀ ਟੀਮ ਸਿਰਫ਼ 21.4 ਓਵਰ ਹੀ ਖੇਡ ਸਕੀ। ਪਾਕਿਸਤਾਨ ਦੀ ਟੀਮ 1992 'ਚ ਇੰਗਲੈਂਡ ਵਿਰੁੱਧ ਸਿਰਫ਼ 74 ਦੌੜਾਂ 'ਤੇ ਆਊਟ ਹੋਈ ਸੀ। ਟਾਸ ਜਿੱਤ ਕੇ ਵੈਟਸਇੰਡੀਜ਼ ਨੇ ਪਾਕਿਸਤਾਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨ ਵੱਲੋਂ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੇ 2 ਅਤੇ ਫ਼ਖਰ ਜਮਾਂ ਨੇ 22 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਹੈਰਿਸ ਸੋਹੇਲ ਨੇ 8, ਬਾਬਰ ਆਜ਼ਮ ਨੇ 22, ਕਪਤਾਨ ਸਰਫ਼ਰਾਜ਼ ਅਹਿਮਦ ਨੇ 8 ਦੌੜਾਂ ਬਣਾਈਆਂ। ਪਾਕਿਸਤਾਨ ਦੀ ਅੱਧੀ ਟੀਮ 75 ਦੌੜਾਂ 'ਤੇ ਪਵੇਲੀਅਨ ਵਾਪਸ ਚਲੀ ਗਈ। ਇਸ ਮਗਰੋਂ ਮੁਹੰਮਦ ਹਫ਼ੀਜ਼ 16, ਇਮਾਦ ਵਸੀਮ 1, ਸ਼ਾਦਾਬ ਖ਼ਾਨ 0, ਹਸਨ ਅਲੀ 1 ਅਤੇ ਵਹਾਬ ਰਿਆਜ਼ 18 ਦੌੜਾਂ ਕੇ ਆਊਟ ਹੋ ਗਏ।

ਵੈਸਟਇੰਡੀਜ਼ ਵੱਲੋਂ ਓਸਾਨੇ ਥਾਮਸ ਨੇ 4, ਕਪਤਾਨ ਜੇਸਨ ਹੋਲਡਰ ਨੇ 3, ਆਂਦਰੇ ਰਸੇਲ ਨੇ 2 ਅਤੇ ਸ਼ੇਲਡਨ ਕਾਟਰੇਲ ਨੇ 1 ਵਿਕਟ ਹਾਸਲ ਕੀਤੀ। ਆਸਾਨ ਜਿਹੇ ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਕ੍ਰਿਸ ਗੇਲ ਨੇ 50, ਸ਼ਾਈ ਹੋਪ ਨੇ 11, ਡਾਰੇਨ ਬ੍ਰਾਵੋ ਨੇ 0, ਨਿਕੋਲਸ ਪੂਰਨ ਨੇ 34 ਅਤੇ ਸ਼ਿਮਰੋਨ ਹੈਟਮੇਅਰ ਨੇ 7 ਦੌੜਾਂ ਬਣਾਈਆਂ।

ਪਾਕਿਸਤਾਨ ਲਈ ਤਿੰਨੇ ਵਿਕਟਾਂ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਲਈਆਂ। 'ਪਲੇਅਰ ਆਫ਼ ਦੀ ਮੈਚ' ਦਾ ਖ਼ਿਤਾਬ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਸਾਨੇ ਥਾਮਸ ਨੂੰ ਦਿੱਤਾ ਗਿਆ।