UP ਵਾਸੀਆਂ ਨੂੰ ਮਿਲੀ ਭਾਰਤੀ ਰੇਲਵੇ ਵਲੋਂ ਵੱਡੀ ਖੁਸ਼ਖ਼ਬਰੀ, 3 ਰੂਟਾਂ ‘ਤੇ ਕੀਤੀ ਟ੍ਰੇਨਾਂ ਦੀ ਸ਼ੁਰੂਆਤ
ਭਾਰਤੀ ਰੇਲਵੇ ਵਲੋਂ ਯੂਪੀ ਦੇ ਲੋਕਾਂ ਲਈ ਤਿੰਨ ਰੂਟਾਂ ’ਤੇ ਟ੍ਰੇਨਾਂ ਦੀ ਸ਼ੂਰੁਆਤ ਕੀਤੀ ਜਾ ਰਹੀ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ|
ਨਵੀਂ ਦਿੱਲੀ: ਕੋਰੋਨਾ (Coronavirus) ਮਹਾਮਾਰੀ ਦੌਰਾਨ ਭਾਰਤੀ ਰੇਲਵੇ (Indian Railways) ਵਲੋਂ ਯੂਪੀ ਦੇ ਲੋਕਾਂ ਨੂੰ ਵੱਡੀ ਖੂਸ਼ਖ਼ਬਰੀ ਦਿੱਤੀ ਗਈ ਹੈ। ਯੂਪੀ ਦੇ ਤਿੰਨ ਰੂਟਾਂ ’ਤੇ ਟ੍ਰੇਨਾਂ ਦੀ ਸ਼ੂਰੁਆਤ ਕੀਤੀ ਜਾ ਰਹੀ ਹੈ। ਰੇਲ ਮੰਤਰੀ ਪਿਊਸ਼ ਗੋਇਲ (Minister of Railways Piyush Goyal) ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ।
ਉਹਨਾਂ ਦੱਸਿਆ ਕਿ ਯੂਪੀ ਵਿੱਚ ਕਾਨਪੁਰ-ਨਵੀਂ ਦਿੱਲੀ, ਲਖਨਊ-ਆਗਰਾ ਅਤੇ ਪ੍ਰਯਾਗਰਾਜ-ਅਨੰਦਵਿਹਾਰ ਦਰਮਿਆਨ ਟ੍ਰੇਨ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਕਾਨਪੁਰ-ਨਵੀਂ ਦਿੱਲੀ (7 ਜੂਨ ਤੋਂ ਹਫ਼ਤੇ ’ਚ 4 ਦਿਨ), ਲਖਨਊ -ਆਗਰਾ (7 ਜੂਨ ਤੋਂ ਹਫ਼ਤੇ ‘ਚ 5 ਦਿਨ), ਪ੍ਰਯਾਗਰਾਜ-ਅਨੰਦਵਿਹਾਰ (11 ਜੂਨ ਤੋਂ ਹਫ਼ਤਾਵਰੀ) ਚਲਣਗੀਆਂ। ਹਾਲਾਂਕਿ ਰੇਲ ਮੰਤਰੀ ਨੇ ਇਹ ਵੀ ਸਾਫ਼ ਤੌਰ ’ਤੇ ਲਿਖਿਆ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਯਾਤਰਾ ਦੌਰਾਨ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਪਾਲਣਾ ਨੂੰ ਲਾਜ਼ਮੀ ਬਣਾਇਆ ਜਾਵੇ।
ਇਹ ਵੀ ਪੜ੍ਹੋ: ਦਿੱਲੀ ਵਿਚ ਟੀਕਾਕਰਨ ਦਾ ਵੱਡਾ ਅਭਿਆਨ, ''ਜਿਥੇ ਵੋਟ ਉਥੇ ਟੀਕਾਕਰਨ''
ਦੱਸ ਦੇਈਏ ਕਿ ਕੋਰੋਨਾ ਦੇ ਚੱਲਦੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਸੀ ਅਤੇ ਹੁਣ ਜਦ ਕੋਰੋਨਾ ਮਾਮਲਿਆਂ ਦਾ ਅੰਕੜਾ ਘੱਟਦਾ ਨਜ਼ਰ ਆ ਰਿਹਾ ਹੈ ਤਾਂ ਰੇਲਵੇ ਵਲੋਂ ਵੀ ਆਵਾਜਾਈ ਹੌਲੀ-ਹੌਲੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪਿਉਸ਼ ਗੋਇਲ ਨੇ ਯੂਪੀ ਬਿਹਾਰ ਦੇ ਲੋਕਾਂ ਲਈ ਪੂਰੀ ਤਰ੍ਹਾਂ ਰਾਖਵੀਆਂ ਗਰਮੀਆਂ ਦੀਆਂ ਵਿਸ਼ੇਸ਼ ਟ੍ਰੇਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਹਨਾਂ ਦੀ ਸ਼ੁਰੂਆਤ ਯੂਪੀ ਅਤੇ ਬਿਹਾਰ ਦੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸ਼ਾਹੀ ਪਰਿਵਾਰ ’ਚ ਖੁਸ਼ਖਬਰੀ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰਿਸ, ਮੇਘਨ ਨੇ ਧੀ ਨੂੰ ਦਿੱਤਾ ਜਨਮ
ਰੇਲ ਮੰਤਰੀ ਨੇ ਟਵੀਟ ਕੀਤਾ ਸੀ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਨਾਗਰੀਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਗੋਰਖਪੁਰ-ਪਨਵੇਲ, ਦਿੱਲੀ-ਗੋਰਖਪੁਰ ਅਤੇ ਛਪਰਾ-ਪਨਵੇਲ ਵਿਚਕਾਰ ਗਰਮੀਆਂ ਦੀ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਟ੍ਰੇਨਾਂ ਉੱਤਰ ਪ੍ਰਦੇਸ਼ ਦੇ ਝਾਂਸੀ, ਕਾਨਪੁਰ, ਲਖਨਉ, ਪ੍ਰਯਾਗਰਾਜ, ਵਾਰਾਣਸੀ, ਸੀਤਾਪੁਰ, ਬਲੀਆ ਵਰਗੇ ਸ਼ਹਿਰਾਂ ਤੋਂ ਹੁੰਦੇ ਹੋਏ ਲੰਘਣਗੀਆਂ।
ਦੱਸਣਯੋਗ ਹੈ ਕਿ ਰੇਲਵੇ ਵੱਖ-ਵੱਖ ਰਾਜਾਂ ਨੂੰ ਆਕਸੀਜਨ ਪ੍ਰਦਾਨ ਕਰਨ ਦਾ ਕੰਮ ਵੀ ਕਰ ਰਿਹਾ ਹੈ। ਰੇਲਵੇ ਵਲੋਂ ਹੁਣ ਤੱਕ 15 ਰਾਜਾਂ ਦੇ 32 ਸ਼ਹਿਰਾਂ ਨੂੰ 1534 ਟੈਂਕਰਾਂ ਵਿੱਚ 26,281 ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ ਹੈ। ਹੁਣ ਤੱਕ 376 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਅਪਣੀ ਮੰਜ਼ਿਲ ਤੱਕ ਪਹੁੰਚ ਚੁਕੀਆਂ ਹਨ, ਜਦਕਿ 6 ਐਕਸਪ੍ਰੈਸ ਟ੍ਰੇਨਾਂ ਆਕਸੀਜਨ ਲੈ ਕੇ ਅਪਣੀ ਮੰਜ਼ਿਲ ਵੱਲ ਨੂੰ ਵੱਧ ਰਹੀਆਂ ਹਨ। ਦਰਅਸਲ, ਕੋਰੋਨਾ ਮਾਹਾਮਾਰੀ ਦੇ ਚਲਦੇ ਆਕਸੀਜਨ ਦੀ ਭਾਰੀ ਘਾਟ ਹੋਣ ਕਰਕੇ ਆਕਸੀਜਨ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ ਗਈ ਸੀ।