Kendriya Vidyalaya: ਬਿਨਾਂ ਪਰੀਖਿਆ ਪ੍ਰਮੋਟ ਹੋਣਗੇ 9ਵੀਂ ਤੇ 11 ਵੀਂ ਵਿਚ ਫੇਲ੍ਹ ਹੋਏ ਵਿਦਿਆਰਥੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਦੇ ਸਾਰੇ ਕੇਂਦਰੀ ਵਿਦਿਆਲਿਆਂ ਦੇ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀ-ਵਿਦਿਆਰਥਣਾਂ ਲਈ ਚੰਗੀ ਖ਼ਬਰ ਹੈ।

Students

ਨਵੀਂ ਦਿੱਲੀ: ਦੇਸ਼ ਭਰ ਦੇ ਸਾਰੇ ਕੇਂਦਰੀ ਵਿਦਿਆਲਿਆਂ ਦੇ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀ-ਵਿਦਿਆਰਥਣਾਂ ਲਈ ਚੰਗੀ ਖ਼ਬਰ ਹੈ। ਸਾਰੇ ਕੇਂਦਰੀ ਵਿਦਿਆਲਿਆਂ ਵਿਚ ਇਸ ਵਾਰ ਕਲਾਸ 9ਵੀਂ ਅਤੇ 11ਵੀਂ ਵਿਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੀਖਿਆ ਤੋਂ ਅਗਲੀ ਕਲਾਸ ਵਿਚ ਪ੍ਰਮੋਟ ਕੀਤਾ ਜਾਵੇਗਾ।ਕੇਂਦਰੀ ਵਿਦਿਆਲਿਆ ਸੰਗਠਨ ਨੇ ਇਸ ਸਬੰਧੀ ਇਕ ਬਿਆਨ ਜਾਰੀ ਕਰ ਦਿੱਤਾ ਹੈ।

ਫਿਲਹਾਲ ਇਹਨਾਂ ਕਲਾਸਾਂ ਵਿਚ ਜ਼ਿਆਦਾਤਰ ਦੋ ਵਿਸ਼ਿਆਂ ਵਿਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿਚ ਜਾਣ ਲਈ ਸਪਲੀਮੈਂਟਰੀ ਪਰੀਖਿਆ ਦੇਣੀ ਹੁੰਦੀ ਹੈ। ਸਪਲੀਮੈਂਟਰੀ ਵਿਚ ਪਾਸ ਹੋਣ ‘ਤੇ ਹੀ ਅਗਲੀ ਕਲਾਸ ਵਿਚ ਪ੍ਰਮੋਟ ਕੀਤਾ ਜਾਂਦਾ ਹੈ ਪਰ ਇਸ ਵਾਰ ਇਹ ਪਰੀਖਿਆ ਨਹੀਂ ਲਈ ਜਾਵੇਗੀ। ਸੰਗਠਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਇਹ ਫੈਸਲਾ ਸਿਰਫ ਇਸ ਸਾਲ ਲਈ ਲਿਆ ਹੈ।

ਕੇਂਦਰੀ ਵਿਦਿਆਲਿਆ ਸੰਗਠਨ ਦੀ ਜੁਆਇੰਟ ਕਮਿਸ਼ਨਰ ਪ੍ਰੀਆ ਠਾਕੁਰ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਇਹਨਾਂ ਦੋਂ ਕਲਾਸਾਂ ਵਿਚੋਂ ਸਾਰੇ ਪੰਜ ਵਿਸ਼ਿਆਂ ਵਿਚ ਵੀ ਫੇਲ ਹੁੰਦਾ ਹੈ ਤਾਂ ਉਸ ਨੂੰ ਸਕੂਲ ਵੱਲੋਂ ਪ੍ਰਾਜੈਕਟ ਵਰਕ ਦੇ ਅਧਾਰ ‘ਤੇ ਜਾਂਚਿਆ ਜਾਵੇਗਾ ਅਤੇ ਅੰਕ ਦਿੱਤੇ ਜਾਣਗੇ। ਫਿਰ ਉਹਨਾਂ ਅੰਕਾਂ ਦੇ ਅਧਾਰ ‘ਤੇ ਹੀ ਉਸ ਵਿਦਿਆਰਥੀ ਨੂੰ ਅਗਲੀ ਕਲਾਸ ਵਿਚ ਪ੍ਰਮੋਟ ਕੀਤਾ ਜਾਵੇਗਾ।