ਕੇਂਦਰੀ ਮੰਤਰੀ ਮੰਡਲ ’ਚ ਵੱਡਾ ਫੇਰ ਬਦਲ! ਕੁੱਲ 43 ਮੰਤਰੀ ਚੁੱਕਣਗੇ ਸਹੁੰ, ਕਈਆਂ ਦੀ ਹੋਈ ਛੁੱਟੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਫੇਰ ਬਦਲ ਅੱਜ ਸ਼ਾਮ 6 ਵਜੇ ਹੋਣ ਜਾ ਰਿਹਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Cabinet Expansion) ਦੇ ਦੂਜੇ ਕਾਰਜਕਾਲ ਦਾ ਪਹਿਲਾ ਫੇਰ ਬਦਲ ਅੱਜ ਸ਼ਾਮ 6 ਵਜੇ ਹੋਣ ਜਾ ਰਿਹਾ ਹੈ। ਇਸ ਵਿਚ ਨਵੇਂ ਅਤੇ ਪੁਰਾਣੇ ਮੰਤਰੀਆਂ ਨੂੰ ਮਿਲਾ ਕੇ ਕੁੱਲ 43 ਮੰਤਰੀ ਸਹੁੰ ਚੁੱਕਣਗੇ। ਵਿਸਥਾਰ ਦੇ ਤਹਿਤ ਘੱਟੋ ਘੱਟ 14 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਘੱਟੋ ਘੱਟ ਤਿੰਨ ਰਾਜ ਮੰਤਰੀਆਂ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਪੁਰਾਣੇ ਮੰਤਰੀਆਂ ਦੇ ਅਸਤੀਫੇ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।
ਹੋਰ ਪੜ੍ਹੋ: Nandigram Election Case: ਮਮਤਾ ਬੈਨਰਜੀ ਨੂੰ ਵੱਡਾ ਝਟਕਾ, HC ਨੇ ਲਾਇਆ 5 ਲੱਖ ਜੁਰਮਾਨਾ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ, ਮਹਿਲਾ ਵਿਕਾਸ ਮੰਤਰੀ ਦੇਬੋਸ਼ਰੀ ਚੌਧਰੀ, ਖਾਦ ਅਤੇ ਰਸਾਇਣ ਮੰਤਰੀ ਸਦਾਨੰਦ ਗੌੜਾ, ਕਿਰਤ ਰਾਜ ਮੰਤਰੀ ਸੰਤੋਸ਼ ਗੰਗਵਾਰ, ਸਿੱਖਿਆ ਰਾਜ ਮੰਤਰੀ ਸੰਜੇ ਧੋਤਰੇ, ਬਾਬੂਲ ਸੁਪਰੀਯੋ, ਪ੍ਰਤਾਪ ਸਾਰੰਗੀ ਅਤੇ ਰਤਨ ਲਾਲ ਕਟਾਰੀਆ ਤੋਂ ਵੀ ਅਸਤੀਫ਼ਾ ਲਿਆ ਗਿਆ ਹੈ।
ਹੋਰ ਪੜ੍ਹੋ: ਅਲਵਿਦਾ ਦਿਲੀਪ ਕੁਮਾਰ! ਅੰਗਰੇਜ਼ਾਂ ਖਿਲਾਫ਼ ਭਾਸ਼ਣ ਦੇਣ ਲਈ ਜੇਲ੍ਹ ਵੀ ਗਏ ਸਨ ਦਿਲੀਪ ਕੁਮਾਰ
ਕੇਂਦਰੀ ਸਮਾਜਿਕ ਨਿਆਂ ਮੰਤਰੀ ਥਾਵਰਚੰਦ ਗਹਿਲੋਤ ਨੇ ਮੰਗਲਵਾਰ ਨੂੰ ਹੀ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੂੰ ਕਰਨਾਟਕ ਦਾ ਰਾਜਪਾਲ ਬਣਾਇਆ ਗਿਆ ਹੈ। ਹੁਣ ਤੱਕ ਕੁੱਲ ਮਿਲਾ ਕੇ 10 ਮੰਤਰੀਆਂ ਨੇ ਅਸਤੀਫਾ ਦਿੱਤਾ ਹੈ। ਮੰਤਰੀ ਮੰਡਲ (Union Cabinet Expansion) ਵਿਚ ਫੇਰ ਬਦਲ ਦੌਰਾਨ ਕਈ ਰਾਜ ਮੰਤਰੀਆਂ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ। ਇਹਨਾਂ ਵਿਚ ਅਨੁਰਾਗ ਠਾਕੁਰ, ਜੇਕੀ ਰੇਡੀ, ਮਨਸੁਖ ਮਾਂਡਵਯਾ, ਕਿਰਨ ਰਿਜਿਜੂ, ਆਰ ਕੇ ਸਿੰਘ, ਹਰਦੀਪ ਸਿੰਘ ਪੁਰੀ ਅਤੇ ਪੁਰਸ਼ੋਤਮ ਰੁਪਾਲਾ ਦੇ ਨਾਂਅ ਸ਼ਾਮਲ ਹਨ।
ਹੋਰ ਪੜ੍ਹੋ: ਪਤੀ-ਪਤਨੀ ਨੂੰ ਪਿਆਰ ਪਰਖਣਾ ਪਿਆ ਮਹਿੰਗਾ, ਮਜ਼ਾਕ-ਮਜ਼ਾਕ ‘ਚ ਪੀਤਾ ਜ਼ਹਿਰ, ਪਤਨੀ ਦੀ ਮੌਤ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਆਗੂਆਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਉਹਨਾਂ ’ਚ 12 ਅਨੁਸੂਚਿਤ ਜਾਤੀ, 8 ਆਦਿਵਾਸੀ ਅਤੇ 27 ਪੱਛੜੇ ਵਰਗਾਂ ਤੋਂ ਹੋ ਸਕਦੇ ਹਨ। ਸਹੁੰ ਚੁੱਕ ਸਮਾਗਮ ਸ਼ਾਮ 6 ਵਜੇ ਰਾਸ਼ਟਰਪਤੀ ਭਵਨ ਵਿਖੇ ਹੋਵੇਗਾ। ਇਸ ਤੋਂ ਪਹਿਲਾਂ ਜੋਤੀਰਾਦਿੱਤਿਆ ਸਿੰਧੀਆ, ਅਨੁਪ੍ਰਿਆ ਪਟੇਲ, ਨਰਾਇਣ ਰਾਣੇ, ਹਿਨਾ ਗਾਵਿਤ, ਸੁਨੀਤਾ ਦੁੱਗਲ, ਪਸ਼ੂਪਤੀ ਪਾਰਸ, ਮੀਨਾਕਸ਼ੀ ਲੇਖੀ ਸਮੇਤ ਕਈ ਨੇਤਾਵਾਂ ਦਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਖੇ ਪਹੁੰਚਣਾ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਬਦਲਾਅ ਤੋਂ ਬਾਅਦ ਮੰਤਰੀ ਮੰਡਲ (Union Cabinet reshuffle) ਵਿਚ ਸਭ ਤੋਂ ਨੌਜਵਾਨ ਅਤੇ ਪ੍ਰਤਿਭਾਵਾਨ ਟੀਮ ਹੋਵੇਗੀ।