ਲਖੀਮਪੁਰ ਦਾ ਜ਼ਿਕਰ ਕਰ ਰੋਣ ਲੱਗੀਆਂ ਬੀਬੀਆਂ, '45 ਲੱਖ ਦਾ ਕੀ ਕਰਨਾ ਜਦੋਂ ਜਵਾਨ ਪੁੱਤ ਹੀ ਚਲਾ ਗਿਆ'
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਮੰਦਭਾਗੀ ਘਟਨਾ ਵਿਚ ਸ਼ਹੀਦ ਹੋਏ ਕਿਸਾਨਾਂ ਬਾਰੇ ਗੱਲ ਕਰਦਿਆਂ ਹਰ ਕੋਈ ਭਾਵੁਕ ਹੋ ਜਾਂਦਾ ਹੈ
ਨਵੀਂ ਦਿੱਲੀ (ਹਰਜੀਤ ਕੌਰ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਮੰਦਭਾਗੀ ਘਟਨਾ ਵਿਚ ਸ਼ਹੀਦ ਹੋਏ ਕਿਸਾਨਾਂ ਬਾਰੇ ਗੱਲ ਕਰਦਿਆਂ ਹਰ ਕੋਈ ਭਾਵੁਕ ਹੋ ਜਾਂਦਾ ਹੈ। ਇਸ ਘਟਨਾ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਸਿੰਘੂ ਬਾਰਡਰ ’ਤੇ ਮੋਰਚੇ ਵਿਚ ਸ਼ਾਮਲ ਬੀਬੀਆਂ ਦੇ ਵੀ ਹੰਝੂ ਵਹਿ ਤੁਰੇ। ਯੂਪੀ ਵਿਚ ਵਾਪਰੀ ਘਟਨਾ ’ਤੇ ਬੀਬੀਆਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਕ ਮਾਂ ਦੇ ਪੁੱਤਰ ਤੇ ਇਕ ਭੈਣ ਦੇ ਵੀਰ ਨੂੰ ਕੁਚਲ ਕੇ ਮਾਰ ਦਿੱਤਾ ਗਿਆ, ਇਸ ਦਾ ਸਾਨੂੰ ਬਹੁਤ ਦੁੱਖ ਹੈ।
ਹੋਰ ਪੜ੍ਹੋ: ਵਿਦਿਆਰਥੀਆਂ ਦੀ ਸੁਰੱਖਿਆ ਲਈ ਕੇਂਦਰ ਨੇ ਤੈਅ ਕੀਤੀ ਸਕੂਲਾਂ ਦੀ ਜਵਾਬਦੇਹੀ, ਜਾਰੀ ਕੀਤੇ ਨਿਰਦੇਸ਼
ਬੀਬੀਆਂ ਦਾ ਕਹਿਣਾ ਹੈ ਕਿ ਜਦੋਂ ਦਾ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਉਹਨਾਂ ਦਾ ਕਿਤੇ ਵੀ ਮਨ ਨਹੀਂ ਲੱਗ ਰਿਹਾ। ਗੱਲਬਾਤ ਦੌਰਾਨ ਕਈ ਬੀਬੀਆਂ ਨੇ ਭਾਵੁਕ ਹੋ ਕੇ ਕਿਹਾ ਕਿ ਇਸ ਦਰਦ ਨੂੰ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਸਰਕਾਰ ਸਾਡੀਆਂ ਵੋਟਾਂ ਲੈ ਕੇ ਸਾਡੇ ਉੱਤੇ ਹੀ ਜ਼ੁਲਮ ਕਰ ਰਹੀ ਹੈ।
ਹੋਰ ਪੜ੍ਹੋ: ਭੁਚਾਲ ਦੇ ਝਟਕਿਆਂ ਨਾਲ ਹਿੱਲਿਆ ਪਾਕਿਸਤਾਨ, 20 ਲੋਕਾਂ ਦੀ ਮੌਤ ਤੇ 300 ਤੋਂ ਵੱਧ ਜ਼ਖ਼ਮੀ
45 ਲੱਖ ਦੇ ਮੁਆਵਜ਼ੇ ਬਾਰੇ ਬੋਲਦਿਆਂ ਬੀਬੀਆਂ ਨੇ ਕਿਹਾ ਕਿ ਜਿਸ ਪਰਿਵਾਰ ਦਾ ਜਵਾਨ ਪੁੱਤਰ ਦੁਨੀਆਂ ਤੋਂ ਰੁਖ਼ਸਤ ਹੋ ਗਿਆ, ਉਹਨਾਂ ਨੇ 45 ਲੱਖ ਦਾ ਕੀ ਕਰਨਾ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੈਸਿਆਂ ਨਾਲ ਉਹਨਾਂ ਦਾ ਪੁੱਤਰ ਵਾਪਸ ਨਹੀਂ ਆ ਸਕਦਾ। ਬੀਬੀਆਂ ਨੇ ਕਿਹਾ ਕਿ ਜਦੋਂ ਮਾਂ-ਪਿਓ ਤੋਂ ਪਹਿਲਾਂ ਹੀ ਪੁੱਤ ਦੁਨੀਆਂ ਤੋਂ ਚਲਾ ਜਾਵੇ ਤਾਂ ਮਾਪਿਆਂ ਦਾ ਦੁਨੀਆਂ ’ਤੇ ਕੁਝ ਵੀ ਨਹੀਂ ਰਹਿ ਜਾਂਦਾ।
ਹੋਰ ਪੜ੍ਹੋ: ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਢੀਂਡਸਾ
ਬਜ਼ੁਰਗ ਬੀਬੀਆਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਰਕਾਰ ਕੋਲੋਂ ਸਿਰਫ ਅਪਣਾ ਹੱਕ ਮੰਗ ਰਹੇ ਪਰ ਸਰਕਾਰ ਸਾਡੇ ਉੱਤੇ ਜ਼ੁਲਮ ਕਰ ਰਹੀ ਹੈ। ਮੋਰਚੇ ਵਿਚ ਸ਼ਾਮਲ ਇਕ ਭੈਣ ਨੇ ਕਿਹਾ ਕਿ ਸਰਕਾਰਾਂ ਵਲੋਂ ਦਿੱਤੇ 45 ਲੱਖ ਨਾਲ ਮਾਪਿਆਂ ਦਾ ਪੁੱਤਰ ਵਾਪਸ ਨਹੀਂ ਆਵੇਗਾ। ਇਸ ਲਈ ਸਰਕਾਰ ਨੂੰ ਇਹੀ ਅਪੀਲ ਹੈ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ। ਉਹਨਾਂ ਕਿਹਾ ਕਿ ਸਰਕਾਰਾਂ ਸਾਨੂੰ ਨੁਕਸਾਨ ਪਹੁੰਚਾਉਣ ਦੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ ਪਰ ਅਸੀਂ ਪਿੱਛੇ ਨਹੀਂ ਹਟਾਂਗੇ।