ਖੱਟਰ ਸਰਕਾਰ ਨੂੰ ਸਬਕ ਸਿਖਾਉਣ ਲਈ ਸਰਗਰਮ ਹੋਏ ਹਰਿਆਣਵੀ ਕਿਸਾਨ, ਬਣਾਈ ਖਾਸ ਜੁਗਤ
ਘਰ-ਘਰ ਜਾ ਕੇ ਲੋਕਾਂ 'ਤੇ ਆਪਣੇ ਵਿਧਾਇਕਾਂ 'ਤੇ ਦਬਾਅ ਪਾਉਣ ਲਈ ਪ੍ਰੇਰਿਤ ਕੀਤਾ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਅਣਗੋਲਿਆ ਕਰ ਭਾਜਪਾ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵੱਲ ਧਿਆਨ ਕੇਂਦਰਿਤ ਕਰ ਲਿਆ ਹੈ। ਸੱਤਾਧਾਰੀ ਧਿਰ ਦੀ ਸੀਨੀਅਰ ਲੀਡਰਸ਼ਿਪ ਪੱਛਮੀ ਬੰਗਾਲ ਸਮੇਤ ਦੂਜੇ ਸੂਬਿਆਂ ਵਿਚ ਚੋਣ ਪ੍ਰਚਾਰ ਵਿਚ ਰੁਝੀ ਹੋਈ ਹੋਈ ਹੈ। ਦੂਜੇ ਪਾਸੇ ਭਾਜਪਾ ਨੂੰ ਸਬਕ ਸਿਖਾਉਣ ਲਈ ਹਰਿਆਣਾ ਦੇ ਕਿਸਾਨਾਂ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਦੇ ਜੀਂਦ 'ਚ ਵਿਧਾਇਕਾਂ 'ਤੇ ਸਰਕਾਰ ਖਿਲਾਫ ਵੋਟਿੰਗ ਕਰਨ ਦਾ ਦਬਾਅ ਬਣਾਉਣ ਲਈ ਕਿਸਾਨਾਂ ਤੇ ਖਾਪਾਂ ਨੇ ਮਿਲ ਕੇ ਰਣਨੀਤੀ ਬਣਾਈ ਹੈ।
ਇਸੇ ਤਹਿਤ ਖਾਪਾਂ ਦੀ ਅਗਵਾਈ ਕਰ ਰਹੇ ਲੋਕ ਘਰ-ਘਰ ਜਾ ਵਿਧਾਇਕਾਂ 'ਤੇ ਦਬਾਅ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਹ ਲੋਕਾਂ ਨੂੰ ਸਮਝਾ ਰਹੇ ਹਨ ਕਿ ਤੁਸੀਂ ਆਪਣੇ ਖੁਦ ਦੇ ਹਲਕੇ ਦੇ ਵਿਧਾਇਕ ਨੂੰ ਉਸ ਦੇ ਘਰ ਜਾਂ ਦਫਤਰ ਜਾ ਕੇ ਮਿਲੋ ਤਾਂ ਜੋ ਵਿਧਾਇਕਾਂ 'ਤੇ ਦਬਾਅ ਬਣਾਇਆ ਜਾ ਸਕੇ ਕਿ ਜੇ ਉਹ ਕਿਸਾਨਾਂ ਦੇ ਨਾਲ ਹਨ ਤਾਂ 10 ਤਰੀਕ ਅਵਿਸ਼ਵਾਸ ਪ੍ਰਸਤਾਵ ਦੀ ਵੋਟਿੰਗ 'ਚ ਸਰਕਾਰ ਖਿਲਾਫ ਵੋਟ ਕਰਨ।
ਇਸ ਦੇ ਨਾਲ ਹੀ ਲੋਕਾਂ ਨੂੰ ਸਮਝਾਉਣ ਲਈ ਪਿੰਡਾਂ ਵਿੱਚ ਮੁਨਾਦੀ ਵੀ ਕਰਵਾਈ ਜਾ ਰਹੀ ਹੈ। ਇਸ ਮੁੱਦੇ 'ਤੇ ਕੱਲ੍ਹ ਕਿਸਾਨ ਸਰਕਾਰ ਖਿਲਾਫ ਵੋਟਿੰਗ ਲਈ ਵਿਧਾਇਕਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮੰਗ ਪੱਤਰ ਵੀ ਸੌਂਪਣਗੇ। ਇਸੇ ਮੁੱਦੇ ਨੂੰ ਲੈ ਕੇ ਜੀਂਦ ਦੇ ਖਟਕੜ ਟੋਲ ਪਲਾਜਾ 'ਤੇ ਕਿਸਾਨਾਂ ਤੇ ਖਾਪਾਂ ਦੀ ਮੀਟਿੰਗ ਹੋਈ। ਕਈ ਘੰਟੇ ਚੱਲੀ ਇਸ ਮੀਟਿੰਗ 'ਚ ਇਸ ਗੱਲ ਦੀ ਰਣਨੀਤੀ ਬਣਾਈ ਗਈ ਕਿ ਕਿਸ ਤਰ੍ਹਾਂ ਵਿਧਾਇਕ ਕਿਸਾਨਾਂ ਦੇ ਸਮਰਥਨ 'ਚ ਆਉਣ ਤੇ ਕਿਵੇਂ ਵਿਧਾਇਕਾਂ 'ਤੇ ਸਰਕਾਰ ਨੂੰ ਢਾਹੁਣ ਦਾ ਦਬਾਅ ਬਣਾਇਆ ਜਾ ਸਕੇ।
ਹੁਣ ਕਿਸਾਨਾਂ ਤੇ ਖਾਪਾਂ ਵੱਲੋਂ ਵਿਧਾਇਕਾਂ 'ਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਖੜ੍ਹਨ ਤਾਂ ਜੋ ਹਰਿਆਣਾ ਸਰਕਾਰ ਡਿੱਗ ਜਾਵੇ। ਕਿਸਾਨਾਂ ਵੱਲੋਂ ਜਿੱਥੇ ਭਾਜਪਾ ਦੇ ਜੇਤੂ ਰੱਥ ਨੂੰ ਮੋੜਣ ਲਈ ਚੋਣਾਂ ਵਾਲੇ ਸੂਬਿਆਂ ਵਿਚ ਸਰਗਰਮੀ ਵਧਾਉਣ ਦੀ ਯੋਜਨਾ ਹੈ ਉਥੇ ਹੀ ਹਰਿਆਣਾ ਵਰਗੇ ਸੂਬੇ ਵਿਚ ਸਿਆਸੀ ਨੁਕਸਾਨ ਪਹੁੰਚਾ ਕੇ ਸਰਕਾਰ ਨੂੰ ਗੱਲਬਾਤ ਦੀ ਮੇਜ 'ਤੇ ਲਿਆਉਣ ਦੀ ਯੋਜਨਾ ਹੈ ਤਾਂ ਜੋ ਖੇਤੀ ਕਾਨੂੰਨਾਂ ਦੀ ਵਾਪਸ ਲਈ ਦਬਾਅ ਬਣਾਇਆ ਜਾ ਸਕੇ।