33 ਰੁਪਏ ਲਈ ਲੜੀ ਦੋ ਸਾਲ ਲੜਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਰੱਦ ਟਿਕਟ ਦੇ ਵਾਪਸ ਕੀਤੇ 33 ਰੁਪਏ

IRCTC Returns 33 Rupees For Cancel Ticket After Two years

ਜੈਪੁਰ : ਕੋਟਾ ਦੇ ਇੰਜੀਨੀਅਰ ਨੇ ਅਪਣੇ 33 ਰੁਪਏ ਵਾਪਸ ਲੈਣ ਲਈ ਦੋ ਸਾਲ ਦੀ ਲੰਮੀ ਲੜਾਈ ਲੜਨੀ ਪਈ ਅਤੇ ਆਖ਼ਰ ਭਾਰਤੀ ਰੇਲਵੇ ਨੇ ਰੱਦ ਕਰਵਾਈ ਟਿਕਟ ਦੇ 33 ਰੁਪਏ ਉਸ ਨੂੰ ਵਾਪਸ ਕਰ ਦਿਤੇ। ਸੁਜੀਤ ਸਵਾਮੀ ਨਾਂ ਨੇ ਇਸ ਵਿਅਕਤੀ ਨੇ ਸਾਲ 2017 ਵਿਚ ਕੋਟਾ ਤੋਂ ਦਿੱਲੀ ਲਈ 765 ਰੁਪਏ ਵਿਚ ਟਿਕਟ ਬੁਕ ਕਰਵਾਈ ਸੀ ਜਿਸ ਨੂੰ ਉਸ ਦੇ ਬਾਅਦ ਵਿਚ ਰੱਦ ਕਰ ਦਿਤਾ ਸੀ। ਇਸ ਦੇ ਉਸ ਨੂੰ 665 ਰੁਪਏ ਵਾਪਸ ਮਿਲੇ ਜਦਕਿ 700 ਰੁਪਏ ਵਾਪਸ ਮਿਲਣੇ ਚਾਹੀਦੇ ਸਨ।

ਸਵਾਮੀ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਲੋਕ ਅਦਾਲਤ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਦਾ ਨਿਪਟਾਰਾ ਅਦਾਲਤ ਨੇ ਜਨਵਰੀ 2019 ਵਿਚ ਇਹ ਕਹਿ ਕੇ ਕਰ ਦਿਤਾ ਸੀ ਕਿ ਉਹ ਉਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਇਸ ਤੋਂ ਬਾਅਦ ਉਸ ਨੇ ਆਰਟੀਆਈ ਰਾਹੀਂ ਅਪਣੀ ਲੜਾਈ ਜਾਰੀ ਰੱਖੀ ਅਤੇ ਵਿਭਾਗ ਵਾਲੇ ਉਸ ਦੀ ਆਰਟੀਆਈ ਨੂੰ ਇਕ-ਦੂਜੇ ਵਲ ਭੇਜਦੇ ਰਹੇ। ਆਖ਼ਰ ਚਾਰ ਮਈ 2019 ਨੂੰ ਰੇਲਵੇ ਨੇ ਲੰਮੀ ਲੜਾਈ ਤੋਂ ਬਾਅਦ 33 ਰੁਪਏ ਉਸ ਦੇ ਬੈਂਕ ਖਾਤੇ ਵਿਚ ਪਾ ਦਿਤੇ।

ਉਸ ਨੇ ਦਸਿਆ ਕਿ ਉਹ ਰੇਲਵੇ ਵਿਰੁਧ ਇਸ ਲੜਾਈ ਨੂੰ ਜਾਰੀ ਰੱਖਣਗੇ ਕਿਉਂਕਿ ਰੇਲਵੇ ਨੇ ਇਕ ਪੱਤਰ ਵਿਚ ਕਿਹਾ ਸੀ ਕਿ ਉਸ ਨੂੰ 35 ਰੁਪਏ ਵਾਪਸ ਕੀਤੇ ਜਾਣਗੇ। ਉਸ ਨੇ ਕਿਹਾ ਕਿ ਟਿਕਟ ਰੱਦ ਕਰਨ 'ਤੇ ਉਸ ਤੋਂ ਸਰਵਿਸ ਟੈਕਸ ਵੀ ਚਾਰਜ ਕੀਤਾ ਗਿਆ ਸੀ ਜਦਕਿ ਉਸ ਦੇ ਟਿਕਟ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਹੀ ਰੱਦ ਕਰਵਾ ਦਿਤੀ ਸੀ। ਇਹ ਟਿਕਟ ਦੋ ਜੁਲਾਈ ਦਾ ਯਾਤਰਾ ਲਈ ਬੁਕ ਕਰਵਾਈ ਗਈ ਸੀ ਅਤੇ ਜੀਐਸਟੀ ਇਕ ਜੁਲਾਈ ਤੋਂ ਸਾਰੇ ਦੇਸ਼ ਵਿਚ ਲਾਗੂ ਹੋਇਆ ਸੀ।  (ਏਜੰਸੀ)