ਨਵੀਂ ਦਿੱਲੀ : ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਐਤਵਾਰ ਰਾਤ ਡਾਕਟਰ ਨਾਲ ਮਾਰਕੁੱਟ ਤੋਂ ਬਾਅਦ ਸੋਮਵਾਰ ਸਵੇਰੇ ਹਸਪਤਾਲ ਦੇ ਬਾਕੀ ਡਾਕਟਰ ਹੜਤਾਲ 'ਤੇ ਚਲੇ ਗਏ ਹਨ। ਡਾਕਟਰਾਂ ਦੀ ਇਸ ਹੜਤਾਲ ਨੂੰ ਦਿੱਲੀ ਦੇ ਚਾਰ ਵੱਡੇ ਹਸਪਤਾਲਾਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਲਗਭਗ 1000 ਡਾਕਟਰ ਹੜਤਾਲ 'ਤੇ ਹਨ, ਜਿਸ ਕਾਰਨ ਓਪੀਡੀ ਸਮੇਤ ਵੱਖ-ਵੱਖ ਵਿਭਾਗਾਂ 'ਚ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਤ ਹਨ।
ਜਾਣਕਾਰੀ ਮੁਤਾਬਕ ਐਤਵਾਰ ਰਾਤ 11:30 ਵਜੇ ਇਕ ਮਰੀਜ਼ ਦੇ ਪਰਵਾਰ ਅਤੇ ਡਾਕਟਰਾਂ ਵਿਚਕਾਰ ਬਹਿਸਬਾਜ਼ੀ ਹੋ ਗਈ ਸੀ। ਮਰੀਜ਼ ਦੇ ਪਰਵਾਰ ਨੇ ਹੰਗਾਮਾ ਕੀਤਾ ਅਤੇ ਉੱਥੇ ਮੌਜੂਦ ਮੈਡੀਸਿਨ ਵਿਭਾਗ ਦੇ ਡਾ. ਸਾਊਦ ਮਲਿਕ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਡਾਕਟਰ ਨੂੰ ਸੱਟਾਂ ਲੱਗੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਸਪਤਾਲ ਦੇ ਬਾਕੀ ਡਾਕਟਰਾਂ ਨੇ ਸੋਮਵਾਰ ਤੋਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਸੀ।
ਹੜਤਾਲ 'ਚ ਜੀ.ਬੀ. ਪੰਤ, ਸੁਸ਼ਰੂਤ ਟਰਾਮਾ ਸੈਂਟਰ, ਗੁਰੂ ਨਾਨਕ ਆਈ ਸੈਂਟਰ, ਮਹਾਰਿਸ਼ੀ ਵਾਲਮੀਕ ਹਸਪਤਾਲ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਏਮਜ਼ ਨੇ ਵੀ ਡਾਕਟਰਾਂ ਦੀ ਹੜਤਾਲ ਨੂੰ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਏਮਜ਼ ਅਜਿਹੀਆਂ ਮੰਗਾਂ 'ਚ ਆਪਣੇ ਸਾਥੀਆਂ ਨਾਲ ਖੜਾ ਹੈ। ਇਸ ਤੋਂ ਇਲਾਵਾ ਏਮਜ਼ ਨੇ ਦਿੱਲੀ ਸਰਕਾਰ, ਸਿਹਤ ਮੰਤਰੀ ਅਤੇ ਮੁੱਖ ਮੰਤਰੀ ਤੋਂ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।