ਮੰਦਰਾਂ 'ਚ ਜਾਣ ਲਈ ਕਿਸੇ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ : ਪਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

'ਨਾਸਤਿਕਤਾ ਦੇ ਕਥਿਤ ਪ੍ਰਚਾਰ' ਨੂੰ ਲੈ ਕੇ ਵਾਰਕਰਿਆਂ ਦੀ ਇਕ ਜਥੇਬੰਦੀ ਵਲੋਂ ਸ਼ਰਦ ਪਵਾਰ ਦੀ ਆਲੋਚਨਾ ਕਰਨ ਅਤੇ ਭਾਈਚਾਰੇ ਨੂੰ ਉਨ੍ਹਾਂ ਨੂੰ ਧਾਰਮਕ ਪ੍ਰੋਗਰਾਮਾਂ 'ਚ ਸੱਦਾ

File Photo

ਪੁਣੇ : 'ਨਾਸਤਿਕਤਾ ਦੇ ਕਥਿਤ ਪ੍ਰਚਾਰ' ਨੂੰ ਲੈ ਕੇ ਵਾਰਕਰਿਆਂ ਦੀ ਇਕ ਜਥੇਬੰਦੀ ਵਲੋਂ ਸ਼ਰਦ ਪਵਾਰ ਦੀ ਆਲੋਚਨਾ ਕਰਨ ਅਤੇ ਭਾਈਚਾਰੇ ਨੂੰ ਉਨ੍ਹਾਂ ਨੂੰ ਧਾਰਮਕ ਪ੍ਰੋਗਰਾਮਾਂ 'ਚ ਸੱਦਾ ਨਾ ਦੇਣ ਦੀ ਅਪੀਲ ਕਰਨ ਮਗਰੋਂ ਐਨ.ਸੀ.ਪੀ. ਮੁਖੀ ਨੇ ਸਨਿਚਰਵਾਰ ਨੂੰ ਪਲਟਵਾਰ ਕੀਤਾ ਅਤੇ ਕਿਹਾ ਕਿ ਮੰਦਰਾਂ 'ਚ ਜਾਣ ਲਈ ਕਿਸੇ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ।

ਰਾਸ਼ਟਰੀ ਵਾਰਕਾਰੀ ਪਰਿਸ਼ਦ ਨੇ ਹਾਲ ਹੀ 'ਚ ਇਕ ਬਿਆਨ ਜਾਰੀ ਕਰ ਕੇ ਭਾਈਚਾਰੇ ਨੂੰ ਅੱਜ ਦੇ 'ਨਾਸਤਿਕਤਾਵਾਦੀ ਸ਼ਾਸਕਾਂ' ਨੂੰ ਧਾਰਮਕ ਪ੍ਰੋਗਰਾਮਾਂ ਦੇ ਉਦਘਾਟਨ ਵਰਗੇ ਪ੍ਰੋਗਰਾਮਾਂ ਜਾਂ ਭਾਸ਼ਣ ਦੇਣ ਲਈ ਸੱਦਾ ਦੇਣਾ ਬੰਦ ਕਰਨ ਦੀ ਅਪੀਲ ਕੀਤੀ ਸੀ। ਪਰਿਸ਼ਦ ਨੇ ਕਿਹਾ ਸੀ, ''ਮਾਣਯੋਗ ਸ਼ਰਦ ਪਵਾਰ ਜੀ ਕਹਿੰਦੇ ਹਨ ਕਿ 'ਰਾਮਾਇਣ' ਦੀ ਕੋਈ ਜ਼ਰੂਰਤ ਨਹੀਂ ਹੈ।

ਉਹ ਉਨ੍ਹਾਂ ਲੋਕਾਂ ਦੀ ਹਮਾਇਤ ਕਰਦੇ ਹਨ ਜੋ ਦੇਵਤਾਵਾਂ, ਸੰਤਾਂ ਅਤੇ ਹਿੰਦੂ ਧਰਮ ਦੀ ਬੇਇੱਜ਼ਤੀ ਕਰਨ 'ਚ ਸ਼ਾਮਲ ਹਨ। ਇਸ ਲਈ ਵਾਰਕਰਿਆਂ ਨੂੰ ਭਵਿੱਖ 'ਚ ਚੌਕਸ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਇਹ ਯਾਦ ਰਖਣਾ ਚਾਹੀਦਾ ਹੈ ਕਿ ਪਹਿਲਾਂ ਉਹ ਹਿੰਦੂ ਹਨ।'' ਜ਼ਿਕਰਯੋਗ ਹੈ ਕਿ ਪੁਣੇ ਜ਼ਿਲ੍ਹੇ ਦੇ ਮਸ਼ਹੂਰ ਤੀਰਥ ਆਲੰਦੀ 'ਚ ਇਕ ਰੈਲੀ 'ਚ ਪਵਾਰ ਨੇ ਕਿਹਾ ਸੀ ਕਿ ਪੰਢਰਪੁਰ 'ਚ ਭਗਵਾਨ ਵਿੱਠਲ ਦੇ ਮੰਦਰ 'ਚ ਜਾਣ ਅਤੇ ਪ੍ਰਾਰਥਨਾ ਕਰਨ ਲਈ ਕਿਸੇ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਕਿਹਾ, ''ਜੇ ਕੋਈ ਕਹਿੰਦਾ ਹੈ ਕਿ ਤੁਹਾਨੂੰ ਧਾਰਮਕ ਸਥਾਨਾਂ 'ਚ ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਵਾਰਕਰੀ ਫ਼ਿਰਕੇ ਦੇ ਚਿੰਨ ਦੀ ਸਮਝ ਨਹੀਂ ਹੈ।'' ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਸੱਚਾ ਵਾਰਕਰੀ ਕਦੇ ਅਜਿਹਾ ਰੁਖ਼ ਨਹੀਂ ਅਪਣਾਏਗਾ।