ਰੋਹਤਕ ਵਿਖੇ ਸਿੱਧੂ ਦੀ ਰੈਲੀ ’ਚ ਇਕ ਔਰਤ ਨੇ ਸਟੇਜ ’ਤੇ ਸੁੱਟੀ ਚੱਪਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਧੂ ਨੂੰ ਕਾਲੇ ਝੰਡੇ ਵਿਖਾਉਣ ਵਾਲੇ ਸਨ ਭਾਜਪਾ ਸਮਰਥਕ

Women detained for throwing slipper at Navjot Singh Sidhu

ਰੋਹਤਕ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਰੋਹਤਕ ਵਿਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰੋਹਤਕ ਵਿਚ ਚੋਣ ਪ੍ਰਚਾਰ ਦੇ ਦੌਰਾਨ ਸਟੇਜ ’ਤੇ ਖੜ੍ਹੇ ਸਿੱਧੂ ਵੱਲ ਅਚਾਨਕ ਇਕ ਔਰਤ ਨੇ ਚੱਪਲ ਸੁੱਟ ਦਿਤੀ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਕਾਲੇ ਝੰਡੇ ਵਿਖਾ ਕੇ ਵੀ ਸਿੱਧੂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉੱਥੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਉਕਤ ਔਰਤ ਨੂੰ ਹਿਰਾਸਤ ਵਿਚ ਲਿਆ ਹੈ। ਔਰਤ ਉਤੇ ਸਿੱਧੂ ਵੱਲ ਚੱਪਲ ਸੁੱਟਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਇਸ ਘਟਨਾ ਤੋਂ  ਬਾਅਦ ਕਾਂਗਰਸ ਦੇ ਸਮਰਥਕਾਂ ਨੇ ਨਵਜੋਤ ਸਿੰਘ ਸਿੱਧੂ ਦੀ ਜਨਸਭਾ ਵਿਚ ਸੁਰੱਖਿਆ ਵਿਵਸਥਾ ’ਤੇ ਸਵਾਲ ਚੁੱਕੇ ਹਨ। ਰੋਹਤਕ ਦੇ ਗਾਂਧੀ ਕੈਂਪ ਵਿਚ ਹੋਈ ਇਸ ਘਟਨਾ ਤੋਂ ਬਾਅਦ ਕਾਂਗਰਸੀ ਨੇਤਾਵਾਂ ਨੇ ਪੁਲਿਸ ’ਤੇ ਲਾਪਰਵਾਹੀ ਵਰਤਣ ਦਾ ਇਲਜ਼ਾਮ ਲਗਾਇਆ ਹੈ। ਸਿੱਧੂ ਦੇ ਕਾਫ਼ਲੇ ਦੇ ਸਾਹਮਣੇ ਕੁਝ ਲੋਕਾਂ ਨੇ ਕਾਲੇ ਝੰਡੇ ਵੀ ਦਿਖਾਏ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇੱਥੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਦਪਿੰਦਰ ਸਿੰਘ ਹੁੱਡਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ।

ਜਾਣਕਾਰੀ ਮੁਤਾਬਕ, ਇੱਥੇ ਨਵਜੋਤ ਸਿੰਘ ਸਿੱਧੂ ਨੂੰ ਕਾਲੇ ਝੰਡੇ ਦਿਖਾਉਣ ਵਾਲੇ ਲੋਕ ਭਾਜਪਾ ਸਮਰਥਕ ਸਨ। ਸਿੱਧੂ ਦਾ ਕਾਫ਼ਲਾ ਲੰਘ ਜਾਣ ਤੋਂ ਬਾਅਦ ਦੋਵਾਂ ਧਿਰਾਂ ਵਿਚ ਮਾਮੂਲੀ ਝੜਪ ਵੀ ਹੋਈ। ਪੁਲਿਸ ਨੂੰ ਆ ਕੇ ਮਾਮਲਾ ਸ਼ਾਂਤ ਕਰਨਾ ਪਿਆ। ਇੱਥੇ ਮੌਜੂਦ ਲੋਕਾਂ ਦੀ ਭੀੜ ਵਿਚ ਕਈ ਕਥਿਤ ਭਾਜਪਾ ਸਮਰਥਕ ਵੀ ਸ਼ਾਮਲ ਹੋ ਗਏ ਸੀ, ਜਿਨ੍ਹਾਂ ਨੇ ਰੈਲੀ ਵਿਚ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ। ਸਿੱਧੂ ਦੇ ਭਾਸ਼ਣ ਦੌਰਾਨ ਵੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸਿੱਧੂ ਨੇ ਇਸ ਤੋਂ ਪਹਿਲਾਂ ਪਾਰਟੀ ਉਮੀਦਵਾਰਾਂ ਦੇ ਲਈ ਰੋਡ ਸ਼ੋਅ ਵੀ ਕੀਤਾ।