ਮੁੰਨਾ ਬਜਰੰਗੀ ਕਤਲ ਕੇਸ : ਜੇਲ੍ਹਰ ਤੇ ਡਿਪਟੀ ਜੇਲ੍ਹਰ ਸਮੇਤ 4 ਮੁਲਾਜ਼ਮ ਕੀਤੇ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰਵਾਂਚਲ ਦੇ ਖ਼ਤਰਨਾਕ ਡੌਨ ਪ੍ਰੇਮ ਪ੍ਰਕਾਸ਼ ਉਰਫ਼ ਮੁੰਨਾ ਬਜਰੰਗੀ ਦੀ ਬਾਗ਼ਪਤ ਜੇਲ੍ਹ ਵਿਚ ਹੱਤਿਆ ਕਰ ਦਿਤੀ ਗਈ ਹੈ। ਦਸ ਦਈਏ ਕਿ ਅੱਜ ...

Munna Bajrangi

ਬਾਗ਼ਪਤ (ਉਤਰ ਪ੍ਰਦੇਸ਼) : ਪੂਰਵਾਂਚਲ ਦੇ ਖ਼ਤਰਨਾਕ ਡੌਨ ਪ੍ਰੇਮ ਪ੍ਰਕਾਸ਼ ਉਰਫ਼ ਮੁੰਨਾ ਬਜਰੰਗੀ ਦੀ ਬਾਗ਼ਪਤ ਜੇਲ੍ਹ ਵਿਚ ਹੱਤਿਆ ਕਰ ਦਿਤੀ ਗਈ ਹੈ। ਦਸ ਦਈਏ ਕਿ ਅੱਜ ਸਾਬਕਾ ਬਸਪਾ ਵਿਧਾਇਕ ਲੋਕੇਸ਼ ਦੀਕਸ਼ਤ ਤੋਂ ਰੰਗਦਾਰੀ ਮੰਗਣ ਦੇ ਦੋਸ਼ ਵਿਚ ਬਾਗ਼ਪਤ ਅਦਾਲਤ ਵਿਚ ਮੁੰਨਾ ਬਜਰੰਗੀ ਦੀ ਪੇਸ਼ੀ ਹੋਣੀ ਸੀ। ਮੁੰਨਾ ਬਜਰੰਗੀ ਨੂੰ ਐਤਵਾਰ ਨੂੰ ਝਾਂਸੀ ਜੇਲ੍ਹ ਤੋਂ ਬਾਗ਼ਪਤ ਲਿਆਂਦਾ ਗਿਆ ਸੀ। ਉਸ ਨੂੰ ਬੈਰਕ ਵਿਚ ਖ਼ਤਰਨਾਕ ਗੈਂਗਸਟਰ ਸੁਨੀਲ ਰਾਠੀ ਅਤੇ ਵਿੱਕੀ ਸੁੰਹੇੜਾ ਦੇ ਨਾਲ ਰਖਿਆ ਗਿਆ ਸੀ। ਇਸ ਹੱਤਿਆ ਤੋਂ ਬਾਅਦ ਉਤਰ ਪ੍ਰਦੇਸ਼ ਸਰਕਾਰ ਨੇ ਬਾਗ਼ਪਤ ਜ਼ਿਲ੍ਹਾ ਜੇਲ੍ਹ ਦੇ ਜੇਲ੍ਹਰ ਅਤੇ ਡਿਪਟੀ ਜੇਲ੍ਹਰ ਸਮੇਤ ਚਾਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। 

ਦਸ ਦਈਏ ਕਿ ਮੁੰਨਾ ਦੀ ਜੇਲ੍ਹ ਵਿਚ ਹੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਜੇਲ੍ਹ ਵਿਚ ਮਾਫ਼ੀਆ ਡੌਨ ਦੀ ਹੱਤਿਆ ਨਾਲ ਅਧਿਕਾਰੀਆਂ ਵਿਚ ਭਾਜੜ ਮਚ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਮੁਖੀ ਜੇਲ੍ਹ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਲਖਨਊ ਵਿਚ ਰਾਜ ਦੇ ਉਪ ਪੁਲਿਸ ਮੁਖੀ (ਕਾਨੂੰਨ ਵਿਵਸਥਾ) ਪ੍ਰਵੀਨ ਕੁਮਾਰ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਹੱਤਿਆ ਵਿਚ ਖ਼ਤਰਨਾਕ ਅਪਰਾਧੀ ਸੁਨੀਲ ਰਾਠੀ ਦਾ ਨਾਮ ਸਾਹਮਣੇ ਆ ਰਿਹਾ ਹੈ। ਸੁਨੀਲ ਰਾਠੀ ਯੂਪੀ ਦੇ ਨਾਲ ਉਤਰਾਖੰਡ ਵਿਚ ਸਰਗਰਮ ਹੈ। ਸੁਨੀਲ ਦੀ ਮਾਂ ਰਾਜਬਾਲਾ ਛਪਰੌਲੀ ਤੋਂ ਬਸਪਾ ਵਲੋਂ ਚੋਣ ਲੜ ਚੁੱਕੀ ਹੈ। 


ਇਸ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਜੇਲ੍ਹਰ ਨੂੰ ਮੁਅੱਤਲ ਕਰ ਦਿਤਾ ਹੈ ਅਤੇ ਨਿਆਂਇਕ ਜਾਂਚ ਦੇ ਆਦੇਸ਼ ਦਿਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹ ਕੰਪਲੈਕਸ ਦੇ ਅੰਦਰ ਹੋਣ ਵਾਲੀ ਅਜਿਹੀ ਘਟਨਾ ਇਕ ਗੰਭੀਰ ਵਿਸ਼ਾ ਹੈ। ਇਸ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਵਿਰੁਧ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ ਪਿਛਲੇ ਦਿਨੀਂ ਮੁੰਨਾ ਬਜਰੰਗੀ ਦੀ ਪਤਨੀ ਨੇ ਅਪਣੇ ਪਤੀ ਦੀ ਹੱਤਿਆ ਕਰਵਾਏ ਜਾਣ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਉਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਪਿਛਲੇ ਦਿਨੀਂ ਲਖਨਊ ਵਿਚ ਹੋਈ ਇਕ ਗੈਂਗਵਾਰ ਵਿਚ ਮਾਫ਼ੀਆ ਡੌਨ ਮੁੰਨਾ ਬਜਰੰਗੀ ਦੇ ਸਾਲੇ ਪੁਸ਼ਪਜੀਤ ਸਿੰਘ ਦੀ ਹੱਤਿਆ ਕਰ ਦਿਤੀ ਗਈ।

ਬੀਤੇ ਸ਼ੁਕਰਵਾਰ ਨੂੰ ਮੁੰਨਾ ਪੁਲਿਸ ਸੁਰੱਖਿਆ ਦੇ ਵਿਚਕਾਰ ਸਾਲੇ ਦੀ ਤੇਰਵੀਂ ਵਿਚ ਸ਼ਾਮਲ ਹੋਣ ਲਈ ਵਿਕਾਸ ਨਗਰ ਕਾਲੋਨੀ ਆਇਆ ਸੀ।ਮੁੰਨਾ ਬਜਰੰਗੀ ਦਾ ਅਸਲੀ ਨਾਮ ਪ੍ਰੇਮ ਪ੍ਰਕਾਸ਼ ਸਿੰਘ ਹੈ। ਉਸ ਦਾ ਜਨਮ 1967 ਵਿਚ ਉਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਪੁਰੇਦਯਾਲ ਪਿੰਡ ਵਿਚ ਹੋਇਆ ਸੀ। ਉਸ ਦੇ ਪਿਤਾ ਪਾਰਸਨਾਥ ਸਿੰਘ ਉਸ ਨੂੰ ਪੜ੍ਹਾ ਲਿਖਾ ਕੇ ਵੱਡਾ ਆਦਮੀ ਬਣਾਉਣਾ ਚਾਹੁੰਦੇ ਸਨ ਪਰ ਪ੍ਰੇਮ ਪ੍ਰਕਾਸ਼ ਉਰਫ਼ ਮੁੰਨਾ ਬਜਰੰਗੀ ਨੇ ਉਨ੍ਹਾਂ ਦੇ ਅਰਮਾਨਾਂ ਦੀ ਕਦਰ ਨਹੀਂ ਪਾਈ। ਉਸ ਨੇ ਪੰਜਵੀਂ ਕਲਾਸ ਤੋਂ ਬਾਅਦ ਪੜ੍ਹਾਈ ਛੱਡ ਦਿਤੀ। ਅੱਲ੍ਹੜ ਉਮਰ ਵਿਚ ਆਉਂਦੇ ਹੀ ਉਸ ਨੂੰ ਕਈ ਸ਼ੌਕ ਲੱਗ ਗਏ ਜੋ ਉਸ ਨੂੰ ਜ਼ੁਰਮ ਦੀ ਦੁਨੀਆ ਵਿਚ ਲੈ ਗਏ।