ਬਾਦਲਾਂ ਦੇ ਸਮਾਜਕ, ਧਾਰਮਕ ਤੇ ਰਾਜਨੀਤਕ ਬਾਈਕਾਟ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਰਪ੍ਰਸਤੀ ਹੇਠ ਹੋਏ ਭਾਰੀ ਪੰਥਕ ਇਕੱਠ ਵਿਚ ਸਿੱਖਾਂ ਦੇ ਇਤਿਹਾਸਕ ਦੁਸ਼ਮਣਾਂ ਮੀਰ ਮੰਨੂ ਤੇ ਜ਼ਕਰੀਆਂ ਖ਼ਾਨ ਦੇ ਜ਼ੁਲਮਾਂ......

Invitation of the Badals' social, religious and political boycott

ਨਵੀਂ ਦਿੱਲੀ : ਦਿੱਲੀ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਰਪ੍ਰਸਤੀ ਹੇਠ ਹੋਏ ਭਾਰੀ ਪੰਥਕ ਇਕੱਠ ਵਿਚ ਸਿੱਖਾਂ ਦੇ ਇਤਿਹਾਸਕ ਦੁਸ਼ਮਣਾਂ ਮੀਰ ਮੰਨੂ ਤੇ ਜ਼ਕਰੀਆਂ ਖ਼ਾਨ ਦੇ ਜ਼ੁਲਮਾਂ ਨਾਲ ਬਾਦਲ ਸਰਕਾਰ ਦੇ ਅਖਉਤੀ ਜ਼ੁਲਮਾਂ ਦੀ ਤੁਲਨਾ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਮੁੱਖ ਤੌਰ 'ਤੇ ਦੋਸ਼ੀ ਠਹਿਰਾਉਂਦਿਆਂ 'ਕੌਮੀ ਗ਼ਦਾਰ' ਆਖ ਕੇ, ਇਨ੍ਹਾਂ ਦੇ ਸਮਾਜਕ, ਰਾਜਨੀਤਕ ਤੇ ਧਾਰਮਕ ਬਾਈਕਾਟ ਦਾ ਸੱਦਾ ਦਿਤਾ ਗਿਆ।

ਇਥੋਂ ਦੇ ਮਾਵਲੰਕਰ ਹਾਲ, ਕਾਂਸਟੀਚਿਊਸ਼ਨ ਕਲੱਬ ਵਿਖੇ ਅੱਜ ਬਾਅਦ ਦੁਪਹਿਰ ਹੋਈ ਪੰਥਕ ਕਨਵੈਨਸ਼ਨ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ, ਭਾਈ ਤਰਸੇਮ ਸਿੰਘ, ਐਡਵੋਕੇਟ ਕੇ.ਟੀ.ਐਸ.ਤੁਲਸੀ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਪੰਥਕ ਸੇਵਾ ਦਲ ਦੇ ਚੇਅਰਮੈਨ ਸ.ਇੰਦਰਜੀਤ ਸਿੰਘ ਮੌਂਟੀ, ਸ.ਅੰਗ੍ਰੇਜ਼ ਸਿੰਘ ਤੇ ਹੋਰਨਾਂ ਬੁਲਾਰਿਆਂ ਨੇ ਅਖੌਤੀ ਤੌਰ 'ਤੇ ਸਿੱਖ ਪੰਥ ਤੇ ਸਿੱਖ ਸੰਸਥਾਵਾਂ ਦੇ ਘਾਣ ਲਈ ਬਾਦਲਾਂ ਨੂੰ ਮੁੱਖ ਦੋਸ਼ੀ ਐਲਾਨਦੇ ਹੋਏ ਸਿੱਖਾਂ ਨੂੰ ਸੱਦਾ ਦਿਤਾ ਕਿ ਉਹ ਬਾਦਲਾਂ ਦਾ ਬਾਈਕਾਟ ਕਰਨ,

ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਸਿੱਖਾਂ 'ਤੇ ਗੋਲੀ ਚਲਾਉਣ ਲਈ ਸਿਧੇ ਤੌਰ 'ਤੇ ਸ.ਪ੍ਰਕਾਸ਼ ਸਿੰਘ ਬਾਦਲ ਤੇ  ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੋਸ਼ੀ ਹਨ। ਦਿੱਲੀ ਦੀਆਂ ਵੱਖ-ਵੱਖ ਥਾਵਾਂ ਤੋਂ ਬੀਬੀਆਂ, ਬਜ਼ੁਰਗ ਤੇ ਹੋਰ ਪਤਵੰਤੇ ਵੀ ਕਨਵੈਨਸ਼ਨ ਵਿਚ ਸ਼ਾਮਲ ਹੋਏ। ਪਾਸ ਕੀਤੇ ਗਏ ਕੁਲ ਪੰਜ ਮਤਿਆਂ ਵਿਚ ਮੁੱਖ ਤੌਰ 'ਤੇ ,ਸਿੱਖਾਂ ਨੂੰ ਸੱਦਾ ਦਿਤਾ ਗਿਆ ਕਿ ਉਹ ਕੌਮੀ ਗ਼ਦਾਰਾਂ ਬਾਦਲਾਂ ਦੇ ਉਦੋਂ ਤਕ ਸਮਾਜਕ, ਰਾਜਨੀਤਕ ਤੇ ਧਾਰਮਕ ਬਾਈਕਾਟ ਕਰਨ,

ਜਦੋਂ ਤਕ ਇਹ ਅਪਣੇ ਬਜਰ ਗੁਨਾਹ ਲਈ ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਪਾਸੋਂ ਮਾਫ਼ੀ ਨਹੀਂ ਮੰਗ ਲੈਂਦੇ। ਹੋਰ ਮਤਿਆਂ ਵਿਚ ਜਿਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਅਣਥੱਕ ਮਿਹਨਤ ਨਾਲ ਤਿਆਰ ਕੀਤੀ ਗਈ ਰੀਪੋਰਟ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਰੀਪੋਰਟ ਲਾਗੂ ਕਰ ਕੇ, ਸ.ਪ੍ਰਕਾਸ਼ ਸਿੰਘ ਬਾਦਲ ਤੇ ਸ.ਸੁਖਬੀਰ ਸਿੰਘ ਬਾਦਲ ਵਿਰੁਧ ਕਾਨੂੰਨ ਮੁਤਾਬਕ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ, ਉਥੇ ਹੀ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਵਲੋਂ ਅਮਰੀਕਾ ਵਿਖੇ ਉਥੋਂ ਦੇ ਸਿੱਖਾਂ ਨਾਲ ਕੀਤੇ ਗਏ ਵਤੀਰੇ ਨੂੰ ਘਟੀਆ ਦਸਦੇ ਹੋਏ

ਇਸ ਗੱਲੋਂ ਬਾਦਲ ਦਲ ਤੇ ਦਿੱਲੀ ਕਮੇਟੀ ਮੈਂਬਰਾਂ ਦੀ ਸਖ਼ਤ ਨਿਖੇਧੀ ਕੀਤੀ ਗਈ ਕਿ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸੌਦਾ ਸਾਧ ਨੂੰ ਮਾਫ਼ੀ ਦੇਣ ਦੀ ਫ਼ੈਸਲੇ ਸ਼ਲਾਘਾ ਕਰ ਕੇ, ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿਤਾ ਸੀ। ਇਕੱਠ ਨੂੰ ਮੁਖਾਤਬ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਅਪਣੀ 27 ਮਿੰਟ ਦੀ ਰੋਹ ਭਰੀ ਤਕਰੀਰ ਵਿਚ ਕਿਹਾ, “ਪਿਛਲੇ 38 ਸਾਲ ਤੋਂ ਅਹਿਮ ਸਿੱਖ ਸੰਸਥਾਵਾਂ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ  ਅਦਾਰਿਆਂ ਦੇ ਘਾਣ ਤੇ ਸਿੱਖ ਧਰਮ ਦੀ ਬਰਬਾਦੀ ਲਈ ਪ੍ਰਕਾਸ਼ ਸਿੰਘ ਬਾਦਲ ਮੁੱਖ ਤੌਰ 'ਤੇ ਦੋਸ਼ੀ ਹੈ

ਜਿਸ ਨੇ ਐਮਰਜੈਂਸੀ ਪਿਛੋਂ ਜਨਸੰਘ ਨਾਲ ਅਪਣੀ ਮੁੱਖ ਮੰਤਰੀ ਦੀ ਕੁਰਸੀ ਪੱਕੀ ਕਰਨ ਲਈ ਸਿੱਖਾਂ ਦਾ ਬੀਜ ਨਾਸ ਕਰਨ ਦਾ ਸਮਝੌਤਾ ਕਰ ਕੇ, ਅਸਲੀ ਅਕਾਲੀ ਦਲ ਦਾ ਭੋਗ ਪਾ ਕੇ ਰੱਖ ਦਿਤਾ ਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਦੋਸ਼ੀਆਂ ਨੂੰ ਬਚਾਉਣ ਤਕ ਚਲੇ ਗਏ, ਜਿਸ ਨਾਲ ਅੱਜ ਜ਼ਕਰੀਆ ਖ਼ਾਨ ਤੇ ਮੀਰ ਮੰਨੂੰ ਦੀਆਂ ਰੂਹਾਂ ਵੀ ਕੁਰਲਾ ਉਠੀਆਂ ਹਨ।'' ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ, “ਬਾਦਲਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਕੀਤੀਆਂ ਬੇਅਦਬੀਆਂ ਲਈ ਅੱਜ ਪੂਰੀ ਦੁਨੀਆਂ ਇਨ੍ਹਾਂ ਨੂੰ ਲਾਹਨਤਾਂ ਪਾ ਰਹੀ ਹੈ

ਤੇ ਜੋ ਇਨਾਂ੍ਹ ਤੋਂ ਵਖਰੇ ਵਿਚਾਰ ਰੱਖਦੈ, ਉਸ ਨੂੰ ਇਹ ਆਈ ਐਸ ਆਈ ਦਾ ਏਜੰਟ ਬਣਾ ਕੇ ਰੱਖ ਦਿੰਦੇ ਹਨ।'' ਭਾਈ ਤਰਸੇਮ ਸਿੰਘ, ਐਡਵੋਕੇਟ ਕੇ.ਟੀ.ਐਸ.ਤੁਲਸੀ, ਸਾਬਕਾ ਸਫ਼ੀਰ ਸ.ਕੇ.ਸੀ.ਸਿੰਘ, ਸ.ਇੰਦਰਜੀਤ ਸਿੰਘ ਮੌਂਟੀ, ਭਾਜਪਾ ਆਗੂ ਤੇ ਸਾਬਕਾ ਮੰਤਰੀ ਸ.ਹਰਸ਼ਰਨ ਸਿੰਘ ਬੱਲੀ, ਭਾਈ ਮੋਹਕਮ ਸਿੰਘ ਤੇ ਸ.ਦਰਸ਼ਨ ਸਿੰਘ ਕ੍ਰਿਸ਼ਨਾ ਪਾਰਕ ਨੇ ਆਪੋ-ਅਪਣੇ ਸੰਬੋਧਨਾਂ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਬਾਦਲਾਂ ਨੂੰ ਦੋਸ਼ੀ ਠਹਿਰਾਉਂਦੇ ਨੁਕਤੇ, ਸ਼੍ਰੋਮਣੀ  ਕਮੇਟੀ ਤੇ ਅਕਾਲ ਤਖ਼ਤ ਦਾ ਵਕਾਰ ਰੋਲ੍ਹਣ ਤੋਂ ਲੈ ਕੇ, 1978 ਦੇ ਨਿਰੰਕਾਰੀ ਕਾਂਡ ਵਿਚ 13 ਸਿੰਘਾਂ ਨੂੰ ਸ਼ਹੀਦ ਕਰਨ ਲਈ ਬਾਦਲ ਨੂੰ ਦੋਸ਼ੀ ਗਰਦਾਨਿਆ।