ਬਾਦਲਾਂ ਖ਼ਿਲਾਫ਼ ਲੜਾਈ ਵਿਧਾਨ ਸਭਾ ਤੋਂ ਸੜਕਾਂ 'ਤੇ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ.............

Parkash Singh Badal

ਚੰਡੀਗੜ੍ਹ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਦਾ ਜ਼ਮੀਨੀ ਪੱਧਰ 'ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਦੇ ਤਿੰਨ ਦਿਨਾ ਸੈਸ਼ਨ ਦੇ ਆਖ਼ਰੀ ਦਿਨ ਦਾ ਬਾਈਕਾਟ ਕਰ ਕੇ ਤਿੱਖੇ ਦੋਸ਼ਾਂ ਤੋਂ ਬਚਣ ਦੀ ਚਾਲ ਤਾਂ ਇਕ ਤਰ੍ਹਾਂ ਨਾਲ ਢਾਲ ਦਾ ਕੰਮ ਦੇ ਗਈ ਸੀ ਪਰ ਉਸ ਤੋਂ ਬਾਅਦ ਸੜਕਾਂ 'ਤੇ ਆਮ ਲੋਕਾਂ ਦੇ ਸ਼ੁਰੂ ਹੋਏ ਵਿਰੋਧ ਨਾਲ ਸਾਹ ਫੁੱਲਣ ਲੱਗ ਪਿਆ ਹੈ।

ਬੇਅਦਬੀ ਤੇ ਗੋਲੀ ਕਾਂਡ ਵੇਲੇ ਵੀ ਆਮ ਲੋਕਾਂ ਦੇ ਰੋਹ ਨੇ ਉਬਾਲ ਖਾਧਾ ਸੀ ਪਰ ਉਸ ਵੇਲੇ ਬਾਦਲਾਂ ਦੀ ਅਪਣੀ ਸਰਕਾਰ ਹੋਣ ਕਰ ਕੇ ਇਸ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਦਬਾਉਣਾ ਸੌਖਾ ਰਿਹਾ ਸੀ ਪਰ ਹੁਣ ਜਦੋਂ ਰਾਜ ਵਿਚ ਕਾਂਗਰਸ ਦੀ ਹਕੂਮਤ ਹੈ ਤਾਂ ਚਲ ਰਹੇ ਵਿਰੋਧ ਸਾਹਮਣੇ ਅਕਾਲੀ ਨੇਤਾਵਾਂ ਦਾ ਰੰਗ ਫਿੱਕਾ ਪੈਣ ਲੱਗ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਰੀਦਕੋਟ ਵਿਚ ਰੱਖੀ ਅੱਜ ਦੀ ਰੈਲੀ ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਕੀਤੀ ਨਾਹਰੇਬਾਜ਼ੀ ਨੇ ਰਾਹ ਹੋਰ ਵੀ ਕੰਡਿਆਂ ਭਰਿਆ ਬਣਾ ਦਿਤਾ ਹੈ। ਕਾਂਗਰਸ ਦੇ ਚਾਰ ਮੰਤਰੀਆਂ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ

ਤੇ ਬਲਬੀਰ ਸਿੰਘ ਸਿੱਧੂ ਦੀ ਅੱਜ ਦੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀ ਫੇਰੀ ਆਮ ਲੋਕਾਂ ਨੂੰ ਬਾਦਲਾਂ ਵਿਰੁਧ ਗਲੀਆਂ ਦੀਆਂ ਲੜਾਈ ਤੇਜ਼ ਰੱਖਣ ਦਾ ਸੰਕੇਤ ਦੇ ਗਈ ਹੈ। ਅੱਜ ਦੀ ਫੇਰੀ ਦੌਰਾਨ ਮੰਤਰੀਆਂ ਨੇ ਇਕ ਤਰ੍ਹਾਂ ਨਾਲ ਲੋਕਾਂ ਨੂੰ ਘਰੋਂ ਘਰੀ ਜਾ ਕੇ ਸਰਕਾਰ ਵਲੋਂ ਗੋਲੀ ਕਾਂਡ ਦੇ ਮ੍ਰਿਤਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਦੁਬਾਰਾ ਤੋਂ ਯਾਦ ਕਰਵਾਇਆ ਹੈ। ਬਾਦਲ ਪਰਵਾਰ ਨੂੰ ਇਹਨੀਂ ਦਿਨੀਂ ਲੋਕ ਰੋਹ ਤੋਂ ਬਿਨਾਂ ਪਾਰਟੀ ਦੇ ਅੰਦਰੋਂ ਵੀ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਜਿਥੇ ਦਲ ਨੂੰ ਖੋਰਾ ਲੱਗ ਰਿਹਾ ਹੈ, ਉਥੇ ਲੋਕਾਂ ਵਿਚ ਬਾਦਲਾਂ 'ਤੇ ਲਗਦੇ ਦੋਸ਼ਾਂ ਦੇ ਦਰੁਸਤ ਹੋਣ ਦਾ ਸੁਨੇਹਾ ਹੋਰ ਫੈਲਣ ਲੱਗਾ ਹੈ। 

ਅਕਾਲੀ ਦਲ ਦੇ ਬਾਨੀ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਬੇਟੀ ਬੀਬੀ ਕਿਰਨਜੋਤ ਕੌਰ ਦੇ ਅਸਤੀਫ਼ੇ ਨਾਲ ਸਿਆਸੀ ਘਾਟਾ ਹੀ ਨਹੀਂ ਪਿਆ ਸਗੋਂ ਟਕਸਾਲੀ ਪਰਵਾਰਾਂ ਦੇ ਦਲ ਨਾਲੋਂ ਦੂਰ ਹੋਣ ਦਾ ਵੀ ਸਬੱਬ ਬਣਿਆ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਸਪੋਕਸਮੈਨ ਵਿਚ ਛਪੀ ਇੰਟਰਵਿਊ ਨੇ ਸਿੱਖ ਜਗਤ ਦੀਆਂ ਅੱਖਾਂ ਖੋਲ੍ਹ ਕੇ ਰੱਖ ਦਿਤੀਆਂ ਹਨ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਸੌਦਾ ਸਾਧ ਨੂੰ ਮਾਫ਼ੀ ਉਸ ਵੇਲੇ ਦੇ ਡਿਪਟੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਹਰੀ ਝੰਡੀ ਦੇਣ ਤੋਂ ਬਾਅਦ ਹੀ ਦਿਤੀ ਗਈ ਸੀ।

ਕਮੇਟੀ ਦੇ ਇਕ ਹੋਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਫ਼ਰੀਦਕੋਟ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਨੰਗਲ ਨੇ ਬਾਦਲਾਂ ਤੋਂ ਬਿਨਾਂ ਦੂਜੇ ਅਕਾਲੀ ਨੇਤਾਵਾਂ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਪ੍ਰਤੀ ਵਰਤੀ ਅਲਗਰਜ਼ੀ ਦੇ ਖੋਲ੍ਹੇ ਪਾਜ ਨੇ ਲੂੰ ਕੰਡੇ ਖੜੇ ਕਰ ਦਿਤੇ ਹਨ। ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਅਸਤੀਫ਼ਾ ਦੇਣ ਵਾਲਿਆਂ ਵਿਚ ਮੋਹਰੀ ਕਤਾਰ ਵਿਚ ਰਹੇ ਹਨ। ਉਸ ਦੇ ਨਾਲ ਹੀ ਜੈਤੋ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਚੇਅਰਮੈਨ ਰਣਜੀਤ ਸਿੰਘ ਔਲਖ ਨੇ ਵੀ ਅਕਾਲੀ ਦਲ ਦਾ ਸਾਥ ਛੱਡ ਦਿਤਾ ਹੈ।

ਸਾਲ 2015 ਵਿਚ ਵੀ ਵੱਡੀ ਗਿਣਤੀ ਵਿਚ ਕਮੇਟੀ ਮੈਂਬਰਾਂ ਅਤੇ ਅਕਾਲੀ ਨੇਤਾਵਾਂ ਨੇ ਰੋਸ ਵਿਚ ਆ ਕੇ ਦਲ ਨੂੰ ਅਲਵਿਦਾ ਕਹਿ ਦਿਤੀ ਸੀ। ਨਿਰਸੰਦੇਹ ਬਾਦਲ ਪਰਵਾਰ ਵਿਰੁਧ ਛਿੜੀ ਲੜਾਈ ਦਾ ਅਕਾਲੀ ਦਲ ਨੂੰ ਸੰਮਤੀ ਚੋਣਾਂ ਵਿਚ ਖ਼ਮਿਆਜ਼ਾ ਭੁਗਤਣਾ ਪਵੇਗਾ ਅਤੇ ਇਸ ਦਾ ਮਾੜਾ ਪ੍ਰਭਾਵ ਲੋਕ ਸਭਾ ਦੀਆਂ ਅਗਲੀਆਂ ਚੋਣਾਂ 'ਤੇ ਵੀ ਪੈਣ ਦੀਆਂ ਸੰਭਾਵਨਾਵਾਂ ਹਨ। ਦੂਜੇ ਬੰਨੇ ਕਿਸੇ ਵੱਡੇ ਵਿਰੋਧੀ ਨੇਤਾ ਦੀ ਗ਼ੈਰ ਹਾਜ਼ਰੀ ਵਿਚ ਲੋਕਾਂ ਵਲੋਂ ਲੜੀ ਜਾ ਰਹੀ ਆਪ ਮੁਹਾਰੇ ਜੰਗ ਦਾ ਲੰਮਾ ਸਮਾਂ ਚਲਣਾ ਆਸਾਨ ਨਹੀਂ ਲਗਦਾ।

ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਫ਼ਰੀਦਕੋਟ ਵਿਚ ਸਿਰਫ਼ ਉਨ੍ਹਾਂ ਲੋਕਾਂ ਨੇ ਵਿਰੋਧ ਕੀਤਾ ਹੈ ਜਿਹੜੇ 30 ਸਾਲਾਂ ਤੋਂ ਵੱਖ ਰਸਤੇ 'ਤੇ ਚਲਦੇ ਆ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਿਚ ਦਮ ਸੀ ਤਾਂ ਉਹ ਗੱਦੀ 'ਤੇ ਹੁੰਦਿਆਂ ਸਾਰਾ ਕੁੱਝ ਬਿਆਨਦੇ ਜੋ ਅੱਜ ਬੋਲ ਰਹੇ ਹਨ।

Related Stories