ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ
ਚੋਣ ਕਮਿਸ਼ਨ ਵਲੋਂ ਦੁਪਹਿਰ ਨੂੰ ਕੀਤੀ ਜਾਵੇਗੀ ਪ੍ਰੈੱਸ ਕਾਨਫ਼ਰੰਸ
ਨਵੀਂ ਦਿੱਲੀ: ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ ਦੀ ਪ੍ਰੈਸ ਕਾਨਫ਼ਰੰਸ ਅੱਜ ਦੁਪਹਿਰ 12 ਵਜੇ ਹੋਣੀ ਹੈ। ਇਸ ਦੌਰਾਨ ਇਸ ਸਾਲ ਦੇ ਅੰਤ ਤਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ। ਦੱਸ ਦੇਈਏ ਕਿ ਇਸ ਸਾਲ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ: ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲੀ Y+ ਸੁਰੱਖਿਆ; ਫ਼ਿਲਮ 'ਜਵਾਨ' ਅਤੇ 'ਪਠਾਨ' ਦੀ ਸਫਲਤਾ ਤੋਂ ਬਾਅਦ ਜਾਨ ਨੂੰ ਖਤਰਾ!
ਇਨ੍ਹਾਂ ਚੋਣਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਹੁਣ ਹਰ ਕੋਈ ਚੋਣਾਂ ਦੀਆਂ ਤਰੀਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਅੱਜ ਦੁਪਹਿਰ ਬਾਅਦ ਇਹ ਸਪੱਸ਼ਟ ਹੋ ਸਕਦਾ ਹੈ ਕਿ ਚੋਣਾਂ ਕਿਹੜੀਆਂ ਤਰੀਕਾਂ ਨੂੰ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਪ੍ਰੈੱਸ ਕਾਨਫ਼ਰੰਸ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਹੋਰ ਚੋਣ ਅਧਿਕਾਰੀ ਵੀ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ: ਬਠਿੰਡਾ ਪਲਾਟ ਖਰੀਦ ਮਾਮਲਾ: ਮਨਪ੍ਰੀਤ ਬਾਦਲ ਤੋਂ ਬਾਅਦ ਏ.ਡੀ.ਸੀ. ਬਿਕਰਮਜੀਤ ਸ਼ੇਰਗਿੱਲ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ
230 ਮੈਂਬਰਾਂ ਵਾਲੀ ਮੱਧ ਪ੍ਰਦੇਸ਼ ਵਿਧਾਨ ਸਭਾ, 200 ਮੈਂਬਰਾਂ ਵਾਲੀ ਰਾਜਸਥਾਨ ਵਿਧਾਨ ਸਭਾ, 90 ਮੈਂਬਰਾਂ ਵਾਲੀ ਛੱਤੀਸਗੜ੍ਹ, 119 ਮੈਂਬਰਾਂ ਵਾਲੀ ਤੇਲੰਗਾਨਾ ਅਤੇ 40 ਮੈਂਬਰਾਂ ਵਾਲੀ ਮਿਜ਼ੋਰਮ ਵਿਧਾਨ ਸਭਾ ਦਾ ਕਾਰਜਕਾਲ ਜਨਵਰੀ 'ਚ ਖਤਮ ਹੋ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਸਿਆਸੀ ਪਾਰਟੀਆਂ ਪਹਿਲਾਂ ਹੀ ਸਰਗਰਮ ਹੋ ਗਈਆਂ ਹਨ। ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ।