ਸਾਬਕਾ ਸੀਐਮ ਸ਼ੀਲਾ ਦਿਕਸ਼ਿਤ ਹੋਣਗੇ ਦਿੱਲੀ ਕਾਂਗਰਸ ਦੇ ਨਵੇਂ ਮੁਖੀ
ਸ਼ੀਲਾ ਦਿਕਸ਼ਿਤ ਦਾ 15 ਸਾਲ ਤੱਕ ਦਿੱਲੀ ਵਿਚ ਕਾਮਯਾਬੀ ਨਾਲ ਸਰਕਾਰ ਚਲਾਉਣ ਦਾ ਤਜ਼ਰਬਾ ਸਾਰਿਆਂ 'ਤੇ ਭਾਰੀ ਪੈ ਗਿਆ।
ਨਵੀਂ ਦਿੱਲੀ : ਲਗਾਤਾਰ 15 ਸਾਲਾਂ ਤੱਕ ਦਿੱਲੀ ਦੀ ਸੱਤਾ 'ਤੇ ਬਤੌਰ ਮੁੱਖ ਮੰਤਰੀ ਰਹਿ ਚੁੱਕੀ ਸ਼ੀਲਾ ਦਿਕਸ਼ਿਤ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਮੁਖੀ ਹੋਣਗੇ। ਲੰਮੇ ਸਮੇਂ ਤੋ ਇਸ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਦਿੱਲੀ ਵਿਚ ਕਾਂਗਰਸ ਦਾ ਨਵਾਂ ਮੁਖੀ ਕੋਣ ਹੋਵੇਗਾ। ਇਸ ਦੇ ਨਾਲ ਹੀ ਯੋਗਾਨੰਦ ਸ਼ਾਸਤਰੀ, ਦਵਿੰਦਰ ਯਾਦਵ, ਹਾਰੂਨ ਯੂਸਫ ਅਤੇ ਰਾਜੇਸ਼ ਲਿਲੋਠਿਆ ਨੂੰ ਕਾਰਜਕਾਰੀ ਮੁਖੀ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਰਸਮੀ ਐਲਾਨ ਛੇਤੀ ਹੀ ਕੀਤਾ ਜਾਵੇਗਾ ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਾਰਟੀ ਵਿਚ ਅੰਦਰੂਨੀ ਲੜਾਈ ਚਲ ਰਹੀ ਹੈ, ਉਸ ਨੂੰ ਖਤਮ ਕਰਨ ਦਾ ਕੰਮ ਸ਼ੀਲਾ ਦਿਕਸ਼ਿਤ ਜਿੰਮੇਵਾਰੀ ਨਾਲ ਕਰ ਸਕਦੇ ਹਨ। ਪਹਿਲਾਂ ਤੋਂ ਹੀ ਮੁਖੀ ਦੇ ਤੌਰ 'ਤੇ ਜਿਥੇ ਸ਼ੀਲਾ ਦਿਕਸ਼ਿਤ ਦਾ ਨਾਮ ਸੱਭ ਤੋਂ ਅੱਗੇ ਦੱਸਿਆ ਜਾ ਰਿਹਾ ਸੀ, ਉਥੇ ਹੀ ਸਾਬਕਾ ਪੀਸੀਸੀ ਮੁਖੀ ਜੇਪੀ ਅਗਰਵਾਲ, ਰਾਜੇਸ਼ ਲਿਲੋਠਿਆ, ਯੋਗਾਨੰਦ ਸ਼ਾਸਤਰੀ ਅਤੇ ਦਵਿੰਦਰ ਯਾਦਵ ਦਾ ਨਾਮ ਵੀ ਇਸ ਚਰਚਾ ਵਿਚ ਸੀ। ਪ੍ਰਦੇਸ਼ ਕਾਂਗਰਸ ਦੇ ਮੁਖੀ ਦੇ ਅਹੁਦੇ ਨੂੰ ਲੈ ਕੇ 15 ਤੋਂ 20 ਸੀਨੀਅਰ ਨੇਤਾ ਦਾਅਵੇਦਾਰੀ ਪੇਸ਼ ਕਰ ਚੁੱਕੇ ਸਨ।
ਇਹਨਾਂ ਵਿਚ ਕਈ ਸਾਬਕਾ ਮੁਖੀ, ਸੰਸਦ ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਸਨ। ਅਖਿਲ ਭਾਰਤੀ ਕਾਂਗਰਸੀ ਕਮੇਟੀ ਵਿਚ ਸਕੱਤਰ ਦੇ ਅਹੁਦੇ ਦੀ ਜਿੰਮੇਵਾਰੀ ਸੰਭਾਲ ਰਹੇ ਕਈ ਨੇਤਾ ਵੀ ਇਸ ਦੌੜ ਵਿਚ ਸ਼ਾਮਲ ਸਨ। ਇਹ ਹੋਰ ਗੱਲ ਹੈ ਕਿ ਮੁਖੀ ਦੇ ਅਹੁਦੇ ਲਈ ਜਿੰਨੇ ਨਾਮ ਸਨ, ਉਹਨਾਂ ਨੂੰ ਲੈ ਕੇ ਵਿਰੋਧ ਵੀ ਉਨਾ ਹੀ ਸੀ। ਸ਼ੀਲਾ ਦਿਕਸ਼ਿਤ ਦਾ ਨਾਮ ਸੱਭ ਤੋਂ ਅੱਗੇ ਹੋਣ ਦੇ ਬਹੁਤ ਸਾਰੇ ਕਾਰਨ ਸਨ।
ਜਿਥੇ ਦਲਿਤ ਦੇ ਤੌਰ 'ਤੇ ਰਾਜੇਸ਼ ਲਿਲੋਠਿਆ, ਪੰਜਾਬੀ ਚਿਹਰੇ ਦੇ ਤੌਰ 'ਤੇ ਪ੍ਰਹਿਲਾਦ ਸਿੰਘ ਸਾਹਨੀ ਅਤੇ ਅਰਵਿੰਦਰ ਸਿੰਘ ਲਵਲੀ ਸਨ,ਓਥੇ ਹੀ ਜਾਟ ਚਿਹਰੇ ਦੇ ਤੌਰ 'ਤੇ ਯੋਗਾਨੰਦ ਸ਼ਾਸਤਰੀ ਦਾ ਨਾਮ ਵੀ ਸੀ। ਪਰ ਇਹਨਾਂ ਸਾਰਿਆਂ ਵਿਚਕਾਰ ਸ਼ੀਲਾ ਦਿਕਸ਼ਿਤ ਦਾ 15 ਸਾਲ ਤੱਕ ਦਿੱਲੀ ਵਿਚ ਕਾਮਯਾਬੀ ਨਾਲ ਸਰਕਾਰ ਚਲਾਉਣ ਦਾ ਤਜ਼ਰਬਾ ਸਾਰਿਆਂ 'ਤੇ ਭਾਰੀ ਪੈ ਗਿਆ।