ਉਤਰਾਖੰਡ ਤ੍ਰਾਸਦੀ 'ਚ ਪੀੜਤ ਪਰਿਵਾਰਾਂ ਲਈ 'ਸਹਾਰਾ' ਬਣ ਪਹੁੰਚਿਆ ਖਾਲਸਾ ਏਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੇਘਰਿਆਂ ਲਈ ਕੀਤੀ ਜਾ ਰਹੀ ਹੈ ਸ਼ੈਲਟਰ ਤੇ ਲੰਗਰ ਦੀ ਸੇਵਾ

Uttarakhand

ਨਵੀਂ ਦਿੱਲੀ : ਖਾਲਸਾ ਏਡ ਦੇ ਮਨੁੱਖਤਾਵਾਦੀ ਕੰਮਾਂ ਦਾ ਘੇਰਾ ਦਿਨੋ ਦਿਨ ਮੋਕਲਾ ਹੁੰਦਾ ਜਾ ਰਿਹਾ ਹੈ। ਫਿਰ ਭਾਵੇਂ ਉਹ ਦਿੱਲੀ ਦੀਆਂ ਬਰੂਹਾਂ ‘ਤੇ ਸੀਤ ਰਾਤਾਂ ਵਿਚ ਡਟੇ ਕਿਸਾਨਾਂ ਨੂੰ ਸਹੂਲਤਾਂ ਪਹੁੰਚਾਉਣਾ ਹੋਵੇ ਜਾਂ ਵਿਸ਼ਵ ਦੇ ਕਿਸੇ ਕੋਨੇ ਵਿਚ ਆਈ ਕੁਦਰਤੀ ਆਫਤ, ਹਰ ਥਾਂ ਖਾਲਸਾ ਏਡ ਮਦਦ ਲਈ ਪਹੁੰਚ ਹੀ ਜਾਂਦੀ ਹੈ।

ਉਤਰਾਖੰਡ ਵਿਚ ਗਲੇਸ਼ੀਅਰਾਂ ਦੇ ਟੁੱਟਣ ਕਾਰਨ ਆਈ ਤਬਾਹੀ ਤੋਂ ਬਾਅਦ ਪੀੜਤਾਂ ਦੀ ਮੱਦਦ ਲਈ ਖਾਲਸਾ ਏਡ ਨੇ ਹੱਥ ਵਧਾਇਆ ਹੈ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੰਡ ਰਿਨੀ ਵਿਚ ਖਾਲਸਾ ਏਡ ਨੇ ਬੇਘਰੇ ਲੋਕਾਂ ਲਈ ਸ਼ੈਲਟਰ ਬਣਾ ਕੇ ਪੀੜਤਾ ਨੂੰ ਵੱਡੀ ਰਾਹਤ ਪਹੁੰਚਾਈ ਗਈ ਹੈ।

ਖਾਲਸਾ ਏਡ ਦੀ ਇਸ ਪਹਿਲ ਨਾਲ ਤਬਾਹੀ ਝੱਲ ਚੁੱਕੇ ਕਈ ਪਰਿਵਾਰਾਂ ਨੂੰ ਲਾਭ ਪਹੁੰਚਿਆ ਹੈ। ਇੱਥੇ ਖਾਲਸਾ ਏਡ ਵੱਲੋਂ ਬੇਘਰੇ ਲੋਕਾਂ ਲਈ ਸ਼ੈਲਟਰ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਉਤਰਾਖੰਡ ਦੇ ਪ੍ਰਭਾਵਿਤ ਇਲਾਕਿਆਂ ਵਿਚ ਖਾਲਸਾ ਏਡ ਦੀਆਂ ਦੋ ਟੀਮਾਂ ਸੇਵਾ ਵਿਚ ਜੁਟੀਆਂ ਹੋਈਆਂ ਹਨ।

ਕਾਬਲੇਗੌਰ ਹੈ ਕਿ ਪਿਛਲੇ ਦਿਨੀਂ ਉਤਰਾਖੰਡ ਵਿਚ ਆਈ ਕੁਦਰਤੀ ਕਰੋਪੀ ਕਾਰਨ ਵੱਡੀ ਗਿਣਤੀ ਲੋਕ ਪ੍ਰਭਾਵਿਤ ਹੋਏ ਸਨ। ਇੱਥੇ ਬਰਫ਼ ਦੇ ਤੋਦੇ ਡਿੱਗਣ ਕਾਰਨ ਆਈ ਜਲ-ਪਰਲੋ ਨੇ ਵੱਡੀ ਤਬਾਹੀ ਮਚਾਈ ਸੀ। ਇਸ ਕਾਰਨ ਆਏ ਹੜ੍ਹਾਂ ਦੀ ਮਾਰ ਵਿਚ ਆਉਣ ਕਾਰਨ 100 ਤੋਂ ਵਧੇਰੇ ਮੌਤਾਂ ਹੋ ਚੁਕੀਆਂ ਹਨ ਜਦਕਿ 100 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ।