ਭਾਜਪਾ ਉਮੀਦਵਾਰ ਦੀ ਗੱਡੀ 'ਚੋਂ ਮਿਲੇ 1.13 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਭਾਰਤੀ ਘੋਸ਼ ਨੂੰ ਹਿਰਾਸਤ 'ਚ ਲੈ ਕੇ 3 ਘੰਟੇ ਕੀਤੀ ਪੁੱਛਗਿੱਛ

Police seize cash from BJP candidate Bharati Ghosh

ਨਵੀਂ ਦਿੱਲੀ : ਪੱਛਮ ਬੰਗਾਲ ਪੁਲਿਸ ਨੇ ਭਾਜਪਾ ਉਮੀਦਵਾਰ ਭਾਰਤੀ ਘੋਸ਼ ਦੀ ਗੱਡੀ 'ਚੋਂ 1 ਲੱਖ 13 ਹਜ਼ਾਰ ਰੁਪਏ ਜ਼ਬਤ ਕੀਤੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਸਾਬਕਾ ਆਈ.ਪੀ.ਐਸ. ਅਧਿਕਾਰੀ ਭਾਰਤੀ ਘੋਸ਼ ਦੀ ਕਾਰ ਨੂੰ ਪਛਮੀ ਮਿਦਨਾਪੁਰ ਜ਼ਿਲ੍ਹੇ 'ਚ ਪਿੰਗਲਾ ਇਲਾਕੇ 'ਚ ਵੀਰਵਾਰ ਰਾਤ ਲਗਭਗ 11 ਵਜੇ ਰੋਕਿਆ ਗਿਆ। ਉਨ੍ਹਾਂ ਦੀ ਗੱਡੀ ਅੰਦਰੋਂ 1.13 ਲੱਖ ਰੁਪਏ ਮਿਲੇ। ਭਾਰਤੀ ਘੋਸ਼ ਨੂੰ ਜ਼ਿਲ੍ਹਾ ਪੁਲਿਸ ਨੇ ਲਗਭਗ 3 ਘੰਟੇ ਹਿਰਾਸਤ 'ਚ ਰੱਖਿਆ ਅਤੇ ਪੁੱਛਗਿੱਛ ਕੀਤੀ।

ਪੱਛਮ ਬੰਗਾਲ ਦੇ ਘਾਟਲ ਤੋਂ ਭਾਜਪਾ ਨੇ ਸਾਬਕਾ ਆਈਪੀਐਸ ਅਧਿਕਾਰੀ ਭਾਰਤੀ ਘੋਸ਼ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੂਚਨਾ ਮਿਲਣ 'ਤੇ ਪਛਮੀ ਮਿਦਨਾਪੁਰ ਜ਼ਿਲ੍ਹੇ ਦੇ ਪਿੰਗਲਾ ਖੇਤਰ 'ਚ ਪੁਲਿਸ ਨੇ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ। ਇਸ ਦੌਰਾਨ ਗੱਡੀ 'ਚੋਂ 1.13 ਲੱਖ ਰੁਪਏ ਮਿਲੇ। ਉਹ ਇੰਨੀ ਨਕਦੀ ਆਪਣੇ ਨਾਲ ਲਿਜਾਣ ਦਾ ਕਾਰਨ ਨਹੀਂ ਦੱਸ ਸਕੀ। ਭਾਰਤੀ ਘੋਸ਼ ਨੇ ਪੁਲਿਸ ਦੇ ਇਸ ਦੋਸ਼ 'ਤੇ ਵਿਰੋਧ ਪ੍ਰਗਟਾਇਆ ਹੈ। ਪੱਛਮੀ ਬੰਗਾਲ ਚੋਣ ਕਮਿਸ਼ਨ ਨੇ ਇਸ ਸਬੰਧ 'ਚ ਜ਼ਿਲ੍ਹਾ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ।

ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਭਾਰਤ ਘੋਸ਼ ਇਹ ਰਕਮ ਵੋਟਰਾਂ ਨੂੰ ਵੰਡਣ ਜਾ ਰਹੀ ਸੀ। ਉੱਧਰ ਭਾਰਤੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਗੱਡੀ 'ਚ 4 ਹੋਰ ਲੋਕ ਮੌਜੂਦ ਸਨ, ਜਦਕਿ ਉਨ੍ਹਾਂ ਕੋਲ ਸਿਰਫ਼ 50 ਹਜ਼ਾਰ ਰੁਪਏ ਦੀ ਨਕਦੀ ਸੀ। ਚੋਣ ਕਮਿਸ਼ਨ ਨੇ ਵੱਧ ਤੋਂ ਵੱਧ 50 ਹਜ਼ਾਰ ਰੁਪਏ ਦੀ ਨਕਦੀ ਨਾਲ ਰੱਖਣ ਦੀ ਛੋਟ ਦਿੱਤੀ ਹੋਈ ਹੈ। ਜ਼ਿਕਰਯੋਗ ਹੈ ਕਿ ਘਾਟਲ ਲੋਕ ਸਭਾ ਸੀਟ 'ਤੇ 12 ਮਈ ਨੂੰ ਵੋਟਾਂ ਪੈਣਗੀਆਂ।