ਸਾਬਕਾ IAS ਨੇਤਰਾਮ ਦੀ 225 ਕਰੋੜ ਦੀ ਜਾਇਦਾਦ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ, ਮੁੰਬਈ, ਨੋਇਡਾ ਅਤੇ ਕੋਲਕਾਤਾ 'ਚ 20 ਨਾਜ਼ਾਇਜ ਜਾਇਦਾਦਾਂ ਜ਼ਬਤ ਕੀਤੀਆਂ

Net Ram

ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਨੇਤਰਾਮ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ 225 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਵਿਭਾਗ ਨੇ ਉਨ੍ਹਾਂ ਵਿਰੁੱਧ ਚੱਲ ਰਹੀ ਕਥਿਤ ਟੈਕਸ ਚੋਰੀ ਦੀ ਜਾਂਚ ਤਹਿਤ ਇਹ ਕਾਰਵਾਈ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਇਨਕਮ ਟੈਕਸ ਕਾਨੂੰਨ ਦੀ ਧਾਰਾ 132 (9ਬੀ) ਤਹਿਤ ਜਾਇਦਾਦ ਜ਼ਬਤ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਦਿੱਲੀ, ਮੁੰਬਈ, ਨੋਇਡਾ ਅਤੇ ਕੋਲਕਾਤਾ 'ਚ 20 ਨਾਜ਼ਾਇਜ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਅਧਿਕਾਰੀ ਦੀ ਲਖਨਊ ਰਿਹਾਇਸ਼ ਤੋਂ ਮਿਲੀਆਂ ਤਿੰਨ ਲਗਜਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ 12 ਮਾਰਚ ਨੂੰ ਨੇਤਰਾਮ ਦੇ ਦਿੱਲੀ, ਲਖਨਊ, ਕੋਲਕਾਤਾ ਅਤੇ ਬਰੇਲੀ 'ਚ 11 ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਛਾਪੇ 'ਚ ਉਨ੍ਹਾਂ ਦੇ ਘਰੋਂ 1.64 ਕਰੋੜ ਰੁਪਏ ਕੈਸ਼, 50 ਲੱਖ ਰੁਪਏ ਮੁੱਲ ਦੇ ਪੈਨ, ਚਾਰ ਲਗਜ਼ਰੀ ਕਾਰਾਂ ਅਤੇ 225 ਕਰੋੜ ਰੁਪਏ ਦੀਆਂ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਹਾਲੇ 17 ਲਾਕਰਾਂ ਨੂੰ ਖੋਲ੍ਹਿਆ ਜਾਣਾ ਬਾਕੀ ਹੈ। ਇਨ੍ਹਾਂ ਲਾਕਰਾਂ ਤੋਂ ਹੋਰ ਜਾਇਦਾਦਾਂ ਦਾ ਪਤਾ ਲੱਗ ਸਕਦਾ ਹੈ।

ਨੇਤਰਾਮ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਨੋਟਬੰਦੀ ਦੇ ਬਾਅਦ ਅਤੇ ਉਸ ਤੋਂ ਪਹਿਲਾਂ ਕੋਲਕਾਤਾ ਦੀਆਂ ਮੁਖੌਟਾ ਕੰਪਨੀਆਂ ਦੇ ਨਾਂ 'ਤੇ 95 ਕਰੋੜ ਰੁਪਏ ਦੀਆਂ ਫਰਜ਼ੀ ਐਂਟਰੀਆਂ ਵਿਖਾਈਆਂ ਹਨ। ਅਧਿਕਾਰੀਆਂ ਨੇ 30 ਮੁਖੌਟਾ ਕੰਪਨੀਆਂ ਦੇ ਕਾਗਜ਼ਾਤ ਵੀ ਬਰਾਮਦ ਕੀਤੇ ਹਨ। ਨੇਤਰਾਮ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਦੇ ਹਵਾਲਾ ਲਿੰਕ ਵੀ ਸਾਹਮਣੇ ਆਏ ਹਨ। ਖ਼ਾਸ ਗੱਲ ਇਹ ਹੈ ਕਿ ਨੇਤਰਾਮ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਵੀ ਕਰ ਰਹੇ ਸਨ ਅਤੇ ਇਸ ਸਬੰਧ 'ਚ ਉਹ ਇਕ ਪਾਰਟੀ ਤੋਂ ਟਿਕਟ ਮੰਗ ਰਹੇ ਸਨ।

ਮਾਇਆਵਤੀ ਦੇ ਕਾਰਜਕਾਲ 2002-03 ਦੌਰਾਨ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੋਣ ਦੇ ਚੱਲਦੇ ਨੇਤਰਾਮ ਉਨ੍ਹਾਂ ਦੇ ਸਕੱਤਰ ਸਨ। ਉਹ ਆਬਕਾਰੀ, ਚੀਨੀ ਉਦਯੋਗ ਅਤੇ ਗੰਨਾ ਵਿਭਾਗ, ਖਾਦ ਤੇ ਨਾਗਰਿਕ ਸਪਲਾਈ ਵਿਭਾਗ ਆਦਿ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ।