ਛੇਵੀਂ ਵਾਰ ਫ਼ਰਾਂਸ ਤੇ ਪਹਿਲੀ ਵਾਰ ਬੈਲਜੀਅਮ ਖੇਡ ਰਿਹੈ ਸੈਮੀਫ਼ਾਈਨਲ
ਪਹਿਲਾ ਗੇੜ, ਪ੍ਰੀ ਕੁਆਰਟਰ ਫ਼ਾਈਨਲ ਅਤੇ ਕੁਆਰਟਰ ਫ਼ਾਈਨਲ ਗੇੜ ਨੂੰ ਪੂਰਾ ਕਰਨ ਤੋਂ ਬਾਅਦ ਫ਼ੀਫ਼ਾ ਵਿਸ਼ਵ ਕੱਪ ਹੁਣ ਸੈਮੀਫ਼ਾਈਨਲ ਗੇੜ ਵਿਚ ਪੁੱਜ ਗਿਆ ਹੈ...........
ਚੰਡੀਗੜ੍ਹ : ਪਹਿਲਾ ਗੇੜ, ਪ੍ਰੀ ਕੁਆਰਟਰ ਫ਼ਾਈਨਲ ਅਤੇ ਕੁਆਰਟਰ ਫ਼ਾਈਨਲ ਗੇੜ ਨੂੰ ਪੂਰਾ ਕਰਨ ਤੋਂ ਬਾਅਦ ਫ਼ੀਫ਼ਾ ਵਿਸ਼ਵ ਕੱਪ ਹੁਣ ਸੈਮੀਫ਼ਾਈਨਲ ਗੇੜ ਵਿਚ ਪੁੱਜ ਗਿਆ ਹੈ। ਫ਼ੀਫ਼ਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਚਾਰ ਟੀਮਾਂ ਫ਼ਰਾਂਸ, ਬੈਲਜੀਅਮ, ਕੋਰੇਸ਼ੀਆ ਤੇ ਇੰਗਲੈਂਡ ਪਹੁੰਚੀਆਂ ਹਨ, ਜਿਨ੍ਹਾਂ 'ਚੋਂ ਸਿਰਫ ਫ਼ਰਾਂਸ ਤੇ ਇੰਗਲੈਂਡ ਨੇ ਇਕ-ਇਕ ਵਾਰ ਇਹ ਖ਼ਿਤਾਬ ਅਪਣੇ ਨਾਮ ਕੀਤਾ ਹੋਇਆ ਹੈ। ਕਲ ਮੰਗਲਵਾਰ ਰਾਤ 11:30 ਵਜੇ ਫ਼ਰਾਂਸ ਅਤੇ ਬੈਲਜੀਅਮ ਦੀ ਟੀਮ ਵਿਚਾਲੇ ਪਹਿਲਾ ਸੈਮੀਫ਼ਾਈਨਲ ਮੈਚ ਖੇਡਿਆ ਜਾਵੇਗਾ।
ਇਸੇ ਤਰ੍ਹਾਂ ਬੁਧਵਾਰ ਨੂੰ ਰਾਤੀ 11:30 ਵਜੇ ਦੂਜਾ ਸੈਮੀਫ਼ਾਈਨਲ ਮੈਚ ਕ੍ਰੋਏਸ਼ੀਆ ਅਤੇ ਇੰਗਲੈਂਡ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ। ਕਲ ਖੇਡੇ ਜਾਣ ਵਾਲੇ ਪਹਿਲੇ ਸੈਮੀਫ਼ਾਈਨਲ ਮੈਚ ਵਿਚ ਜੇ ਫ਼ਰਾਂਸ ਦੀ ਬੈਲਜੀਅਮ ਨੂੰ ਹਰਾ ਦਿੰਦੀ ਹੈ ਤਾਂ ਉਹ ਤੀਜੀ ਵਾਰ ਫ਼ੀਫ਼ਾ ਵਿਸ਼ਵ ਕੱਪ ਦਾ ਫ਼ਾਈਨਲ ਖੇਡਣ ਵਿਚ ਸਫ਼ਲ ਹੋ ਜਾਵੇਗੀ। ਇਸ ਤੋਂ ਪਹਿਲਾਂ ਫ਼ਰਾਂਸ ਦੀ ਟੀਮ ਫ਼ੀਫ਼ਾ ਵਿਸ਼ਵ ਕੱਪ ਦੇ ਦੋ ਫ਼ਾਈਨਲ ਮੈਚ ਖੇਡ ਚੁੱਕੀ ਹੈ। ਫ਼ਰਾਂਸ ਦੀ ਟੀਮ ਪਹਿਲੀ ਵਾਰ 1998 ਵਿਚ ਫ਼ੀਫ਼ਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਖੇਡੀ ਸੀ ਜਿਸ ਵਿਚ ਉਸ ਨੇ ਬ੍ਰਾਜ਼ੀਲ ਦੀ ਟੀਮ ਨੂੰ 3-0 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ।
ਫ਼ੀਫ਼ਾ ਦਾ ਇਹ ਟੂਰਨਾਮੈਂਟ ਵਿਚ ਫ਼ਰਾਂਸ ਵਿਚ ਹੀ ਖੇਡਿਆ ਗਿਆ ਸੀ। ਇਸ ਤੋਂ ਬਾਅਦ ਫ਼ਰਾਂਸ ਦੀ ਟੀਮ ਸਾਲ 2006 ਵਿਚ ਫ਼ਾਈਨਲ ਵਿਚ ਪੁੱਜੀ ਸੀ ਜਿਥੇ ਉਸ ਦਾ ਮੁਕਾਬਲਾ ਇਟਲੀ ਨਾਲ ਹੋਇਆ ਸੀ। ਇਸ ਮੁਕਾਬਲੇ ਵਿਚ ਇਟਲੀ ਤੋਂ 5-3 ਨਾਲ ਹਾਰ ਕੇ ਫ਼ਰਾਂਸ ਨੂੰ ਦੂਜੇ ਨੰਬਰ 'ਤੇ ਸਬਰ ਕਰਨਾ ਪਿਆ ਸੀ। ਦੂਜੇ ਪਾਸੇ ਬੈਲਜੀਅਮ ਦੀ ਟੀਮ ਪਹਿਲੀ ਵਾਰ ਫ਼ੀਫ਼ਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਪੁੱਜੀ ਹੈ। ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੈਲਜੀਅਮ ਦੀ ਟੀਮ ਨੂੰ ਇਹ ਪੂਰੀ ਉਮੀਦ ਹੈ ਕਿ ਉਹ ਸੈਮੀਫ਼ਾਈਨਲ ਮੈਚ ਵਿਚ ਛੇਵੀਂ ਵਾਰ ਸੈਮੀਫ਼ਾਈਨਲ ਮੈਚ ਖੇਡ ਰਹੀ ਫ਼ਰਾਂਸ ਨੂੰ ਹਰਾ ਕੇ
ਪਹਿਲੀ ਵਾਰ ਫ਼ੀਫ਼ਾ ਵਿਸ਼ਵ ਦਾ ਫ਼ਾਈਨਲ ਮੈਚ ਖੇਡ ਸਕੇਗੀ। ਫ਼ਰਾਂਸ ਅਤੇ ਬੈਲਜੀਅਮ ਵਿਚਾਲੇ ਹੁਣ ਤਕ ਕੁਲ 73 ਮੈਚ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਫ਼ਰਾਂਸ ਨੇ 24 ਮੈਚ ਜਿੱਤੇ ਅਤੇ ਬੈਲਜੀਅਮ ਨੇ 30 ਮੈਚਾਂ ਵਿਚ ਜਿੱਤ ਹਾਸਲ ਕੀਤੀ ਜਦਕਿ 19 ਮੈਚ ਡਰਾਅ ਰਹੇ ਹਨ। ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਵਿਸ਼ਵ ਕੱਪ ਦੇ ਛੇ ਮੈਚ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਫ਼ਰਾਂਸ ਨੇ ਚਾਰ ਮੈਚ ਜਿੱਤੇ ਹਨ ਜਦਕਿ ਇਕ ਮੈਚ ਵਿਚ ਬੈਲਜੀਅਮ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਕ ਮੈਚ ਡਰਾਅ ਰਿਹਾ ਹੈ। ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਦਾ ਆਖ਼ਰੀ ਮੈਚ 28 ਜੂਨ 1986 ਨੂੰ ਹੋਇਆ ਸੀ ਜਿਸ ਵਿਚ ਬੈਲਜੀਅਮ ਨੇ ਜਿੱਤ ਹਾਸਲ ਕੀਤੀ ਸੀ। (ਏਜੰਸੀ)