ਘਾਟੀ ਦੇ ਸ਼ੋਪੀਆਂ 'ਚ ਮੁਠਭੇੜ ਦੌਰਾਨ ਦੋ ਅਤਿਵਾਦੀ ਢੇਰ, ਇਕ ਜਵਾਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚ ਹੋਈ ਮੁਠਭੇੜ ਵਿਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ...

army

ਸ਼ੋਪੀਆਂ : ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚ ਹੋਈ ਮੁਠਭੇੜ ਵਿਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਜਦਕਿ ਫ਼ੌਜੀਆਂ ਨੇ ਦੋ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਸੁਰੱਖਿਆ ਬਲਾਂ ਨੇ ਖੇਤਰ ਵਿਚ ਅਤਿਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਤੋਂ ਬਾਅਦ ਕਮੁਡਲਾਨ ਪਿੰਡ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ। ਪੁਲਿਸ ਨੇ ਦਸਿਆ ਕਿ ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ, ਜਿਸ ਵਿਚ ਇਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ।

ਦਸ ਦਈਏ ਕਿ ਜ਼ਖ਼ਮੀ ਹੋਇਆ ਫ਼ੌਜੀ ਜਵਾਨ 44 ਰਾਸ਼ਟਰੀ ਰਾਈਫ਼ਲ ਦਾ ਹੈ, ਜਿਸ ਨੂੰ ਇਲਾਜ ਲਈ ਸ੍ਰੀਨਗਰ ਦੇ ਫ਼ੌਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਸ਼ੋਪੀਆਂ ਦੇ ਕੁੰਡਲਾਨ ਪਿੰਡ ਵਿਚ ਅਤਿਵਾਦੀਆਂ ਦੇ ਛੁਪੇ ਹੋਣ ਦੀ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ 34 ਰਾਸ਼ਟਰੀ ਰਾਈਫ਼ਲਜ਼, ਰਾਜ ਪੁਲਿਸ ਦੇ ਵਿਸ਼ੇਸ਼ ਮੁਹਿੰਮ ਦਸਤੇ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੇ ਨੇ ਇਕ ਸਾਂਝਾ ਖੋਜੀ ਅਭਿਆਨ ਸ਼ੁਰੂ ਕੀਤਾ।ਉਨ੍ਹਾਂ ਦਸਿਆ ਕਿ ਜਦੋਂ ਸੁਰੱਖਿਆ ਬਲ ਪਿੰਡ ਦੀ ਘੇਰਾਬੰਦੀ ਕਰਦੇ ਹੋਏ ਉਸ ਖੇਤਰ ਵਿਸ਼ੇਸ਼ ਵੱਲ ਵਧ ਰਹੇ ਸਨ ਤਾਂ

ਉਥੇ ਲੁਕੇ ਹੋਏ ਅਤਿਵਾਦੀਆਂ ਨੇ ਫ਼ੌਜੀ ਜਵਾਨਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਹੋਈ ਅੰਨ੍ਹੇਵਾਹ ਗੋਲੀਬਾਰੀ ਵਿਚ ਇਕ ਜੇਸੀਓ ਜ਼ਖਮੀ ਹੋ ਗਿਆ, ਜਿਸ ਨੂੰ ਬਾਦਾਮੀ ਬਾਗ਼ ਛਾਉਣ ਦੇ 92 ਬੇਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਤਿਵਾਦੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ ਅਤੇ ਆਖ਼ਰੀ ਰਿਪੋਰਟ ਆਉਣ ਤਕ ਮੁਠਭੇੜ ਜਾਰੀ ਸੀ। ਦਸਿਆ ਜਾ ਰਿਹਾ ਹੈ ਕਿ ਇਸ ਖੇਤਰ ਵਿਚ ਤਿੰਨ ਤੋਂ ਚਾਰ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ।

ਫ਼ੌਜੀ ਜਵਾਨ ਲੁਕੇ ਹੋਏ ਹੋਰ ਅਤਿਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਇਸ ਖੇਤਰ ਵਿਚ ਲੁਕੇ ਹੋਏ ਹਨ। ਮੁਠਭੇੜ ਸਥਾਨ 'ਤੇ ਪਥਰਾਅ ਦੀ ਘਟਨਾ ਨੂੰ ਰੋਕਣ ਲਈ ਵਾਧੂ ਪੁਲਿਸ ਬਲ ਅਤੇ ਰਾਜ ਪਿਲਸ ਦੇ ਜਵਾਨਾਂ ਨੂੰ ਭੇਜ ਦਿਤਾ ਗਿਆ ਹੈ। ਦਸ ਦਈਏ ਕਿ ਘਾਟੀ ਵਿਚ ਅਤਿਵਾਦੀਆਂ ਦੇ ਖ਼ਾਤਮੇ ਲਈ ਸੁਰੱਖਿਆ ਬਲਾਂ ਨੇ ਅਪਣੀ ਮੁਹਿੰਮ ਤੇਜ਼ ਕੀਤੀ ਹੋਈ ਹੈ, ਜਿਸ ਤਹਿਤ ਹੁਣ ਤਕ ਕਈ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁਕਿਆ ਹੈ। ਇਸ ਦੌਰਾਨ ਕੁੱਝ ਘਟਨਾਵਾਂ ਵਿਚ ਸਥਾਨਕ ਲੋਕਾਂ ਵਲੋਂ ਅਤਿਵਾਦੀਆਂ ਦਾ ਬਚਾਅ ਕਰਨ ਲਈ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ ਜਾਂਦਾ ਹੈ ਪਰ ਇਸ ਵਾਰ ਸੁਰੱਖਿਆ ਬਲਾਂ ਨੇ ਇਸ ਨਾਲ ਨਿਪਟਣ ਲਈ ਪਹਿਲਾਂ ਤੋਂ ਹੀ ਵਾਧੂ ਫੋਰਸ ਤਾਇਨਾਤ ਕਰ ਦਿਤੀ।