ਕੇਰਲਾ 'ਚ ਹੜ੍ਹਾਂ ਨਾਲ ਤਬਾਹੀ, 22 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲਾ ਵਿਚ ਭਾਰੀ ਮੀਂਹ ਨੇ 22 ਜਾਨਾਂ ਲੈ ਲਈਆਂ ਹਨ ਅਤੇ ਕਈ ਥਾਈਂ ਤਬਾਹੀ ਮਚਾ ਦਿਤੀ ਹੈ..............

Car floating in flood waters

ਕੇਰਲਾ : ਕੇਰਲਾ ਵਿਚ ਭਾਰੀ ਮੀਂਹ ਨੇ 22 ਜਾਨਾਂ ਲੈ ਲਈਆਂ ਹਨ ਅਤੇ ਕਈ ਥਾਈਂ ਤਬਾਹੀ ਮਚਾ ਦਿਤੀ ਹੈ। ਵੱਖ ਵੱਖ ਬੰਨ੍ਹਾਂ ਵਿਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਕਾਰਨ 22 ਬੰਨ੍ਹਾਂ ਦੇ ਗੇਟ ਖੋਲ੍ਹ ਦਿਤੇ ਗਏ ਹਨ ਤਾਕਿ ਵਾਧੂ ਪਾਣੀ ਬਾਹਰ ਨਿਕਲ ਸਕੇ। ਕਈ ਥਾਈਂ ਢਿੱਗਾਂ ਡਿੱਗ ਜਾਣ ਕਾਰਨ ਤਬਾਹੀ ਮਚੀ ਹੈ। ਬੀਤੀ ਰਾਤ ਤੋਂ ਇਡੂਕੀ ਵਿਚ 11, ਮੱਲਾਪੁਰਮ ਵਿਚ ਛੇ, ਕਨੂਰ ਵਿਚ ਦੋ, ਵਾਇਆਨਦ ਵਿਚ ਦੋ ਮੌਤਾਂ ਹੋਈਆਂ ਹਨ। ਇਡੂਕੀ ਵਿਚ ਪਰਵਾਰ ਦੇ ਪੰਜ ਜੀਅ ਭਾਰੀ ਮੀਂਹ ਦੀ ਲਪੇਟ ਵਿਚ ਆ ਕੇ ਮਾਰੇ ਗਏ। ਮੀਂਹ ਕਾਰਨ ਘਰ ਦੀ ਛੱਤ ਡਿੱਗ ਜਾਣ ਕਾਰਨ ਇਹ ਮੌਤਾਂ ਹੋਈਆਂ।

26 ਸਾਲਾਂ ਵਿਚ ਪਹਿਲੀ ਵਾਰ ਇਡੂਕੀ ਝੀਲ ਦੇ ਚੇਰੂਥੋਨੀ ਡੈਮ ਦਾ ਗੇਟ ਖੋਲ੍ਹਿਆ ਗਿਆ ਹੈ। ਇਸ ਦਾ ਪਾਣੀ ਦਾ ਪੱਧਰ 2,398 ਫ਼ੁਟ ਤਕ ਚਲਾ ਗਿਆ ਸੀ ਜਦਕਿ ਪੂਰਾ ਪੱਧਰ 2403 ਫ਼ੁਟ ਹੈ। ਕੋਚੀ ਜ਼ਿਲ੍ਹੇ ਦੇ ਇਡਮਾਲਰ ਡੈਮ ਦੇ ਚਾਰੇ ਗੇਟ ਅੱਜ ਸਵੇਰੇ ਖੋਲ੍ਹ ਦਿਤੇ ਗਏ ਅਤੇ ਲਾਗੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਦਿਤਾ ਗਿਆ।

ਸਰਕਾਰ ਨੇ ਸੈਲਾਨੀਆਂ ਨੂੰ ਡੈਮਾਂ ਲਾਗੇ ਅਤੇ ਉੱਚੇ ਇਲਾਕਿਆਂ ਵਿਚ ਨਾ ਜਾਣ ਦੀ ਸਲਾਹ ਦਿਤੀ ਹੈ। ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਕਿ ਸੂਬੇ ਵਿਚ ਹੜ੍ਹ ਦੇ ਹਾਲਾਤ ਕਾਫ਼ੀ ਗੰਭੀਰ ਹਨ ਅਤੇ ਇਹ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ 22 ਡੈਮ ਖੋਲ੍ਹ ਦਿਤੇ ਗਏ ਹਨ। ਸਾਲਾਨਾ ਨਹਿਰੂ ਟਰਾਫ਼ੀ ਕਿਸ਼ਤੀ ਦੌੜ ਜਿਹੜੀ ਮਸ਼ਹੂਰ ਝੀਲ ਵਿਚ 11 ਅਗੱਸਤ ਨੂੰ ਹੋਣੀ ਸੀ, ਅੱਗੇ ਪਾ ਦਿਤੀ ਗਈ ਹੈ।             (ਪੀ.ਟੀ.ਆਈ)